ਕੈਨੇਡਾ 'ਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ 'ਭਾਰਤ ਸਰਕਾਰ ਦੇ ਏਜੰਟ ਦਾ ਹੱਥ' ਹੋਣ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਦੀ ਜਾਂਚ ਦਰਮਿਆਨ ਕੈਨੇਡੀਅਨ ਸਰਕਾਰ ਨੇ ਭਾਰਤੀ ਡਿਪਲੋਮੈਂਟ ਨੂੰ ਦੇਸ਼ ਤੋਂ ਕੱਢ ਦਿੱਤਾ ਹੈ। ਉੱਥੇ ਹੀ ਜਵਾਬੀ ਕਾਰਵਾਈ 'ਚ ਭਾਰਤ ਨੇ ਵੀ ਕੈਨੇਡਾ ਦੇ ਡਿਪਲੋਮੈਂਟ ਨੂੰ ਤਲਬ ਕੀਤਾ ਅਤੇ 5 ਦਿਨ ਦੇ ਅੰਦਰ ਦੇਸ਼ ਛੱਡਣ ਲਈ ਕਿਹਾ।
ਉੱਥੇ ਹੀ ਹੁਣ ਭਾਰਤ-ਕੈਨੇਡਾ ਦਰਮਿਆਨ ਵਧੀ ਤਲਖ਼ੀ ਦਰਮਿਆਨ ਜਸਟਿਨ ਟਰੂਡੋ ਨੂੰ ਭਾਰਤ ਦਾ ਇਕ ਹੋਰ ਜਵਾਬ ਆਇਆ ਹੈ। ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਭਾਰਤ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਜ਼ਰੀਏ ਭਾਰਤੀ ਵਿਦਿਆਰਥੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਭਾਰਤ ਦੇ ਸਭ ਤੋਂ ਜ਼ਿਆਦਾ ਸਿੱਖ ਕੈਨੇਡਾ ਵਿਚ ਰਹਿੰਦੇ ਹਨ। ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਰਹਿੰਦੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਆਪਣੇ ਆਪ ਨੂੰ ਰਜਿਸਟਰ ਜ਼ਰੂਰ ਕਰਵਾਉਣ। ਭਾਰਤੀ ਨਾਗਰਿਕ ਖ਼ੁਦ ਨੂੰ ਓਟਾਵਾ 'ਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰਤ ਪੋਰਟਲ MADAD madad.gov.in 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਅਤੇ ਕਿਸੇ ਵੀ ਐਮਰਜੈਂਸੀ ਦੇ ਹਾਲਾਤ ਸਮੇਂ ਹਾਈ ਕਮਿਸ਼ਨ ਅਤੇ ਕੌਂਸਲ ਜਨਰਲ ਕੈਨਡਾ ਅਥਾਰਟੀ ਨਾਲ ਰਾਬਤਾ ਕਾਇਮ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਭਾਰਤ ਦੀ ਯਾਤਰਾ ਕਰਨ ਵਾਲੇ ਜਾਂ ਫਿਰ ਭਾਰਤ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਯਾਤਰਾ ਤੋਂ ਗੁਰੇਜ਼ ਕਰਨ। ਇੱਥੇ ਅੱਤਵਾਦ, ਅਸ਼ਾਂਤੀ ਅਤੇ ਅਗਵਾ ਹੋਣ ਦਾ ਖ਼ਤਰਾ ਹੈ।