Wednesday, September 17, 2025

Sports

ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜੇਤੂ ਰੈਸਲਰ ਜਸਕਰਨ ਸਿੰਘ ਦਾ ਪਟਿਆਲਾ ਪੁੱਜਣ 'ਤੇ ਨਿੱਘਾ ਸਵਾਗਤ

July 24, 2023 09:11 PM
SehajTimes

ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਪਿੰਡ ਮੰਡੋੜ ਦੇ ਜਸਕਰਨ ਸਿੰਘ ਧਾਲੀਵਾਲ ਨੇ ਜਾਰਡਨ ਵਿਖੇ ਹੋਈਆਂ ਜੂਨੀਅਰ ਏਸ਼ੀਅਨ ਕੁਸ਼ਤੀ (ਰੈਸਲਿੰਗ) ਖੇਡਾਂ ਵਿੱਚ ਅੰਡਰ 20 ਵਿੱਚ 65 ਕਿਲੋ ਭਾਰ ਵਰਗ ਅੰਦਰ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਅੱਜ ਇੱਥੇ ਪਟਿਆਲਾ ਪੁੱਜਣ 'ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰੈਸਲਰ ਜਸਕਰਨ ਸਿੰਘ ਧਾਲੀਵਾਲ ਦਾ ਰਿੰਕ ਹਾਲ ਵਿਖੇ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਵੀ ਮੌਜੂਦ ਸਨ।

ਜਸਕਰਨ ਸਿੰਘ ਧਾਲੀਵਾਲ ਨੂੰ ਹੋਰਨਾਂ ਖਿਡਾਰੀਆਂ ਅਤੇ ਸਾਰੇ ਨੌਜਵਾਨਾਂ ਲਈ ਪ੍ਰੇਰਣਾ ਸ੍ਰੋਤ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਤੇ ਸੂਬੇ ਲਈ ਇਹ ਮਾਣ ਦੀ ਗੱਲ ਹੈ ਕਿ ਇਥੋਂ ਦੇ ਖਿਡਾਰੀ ਕੌਮਾਂਤਰੀ ਪੱਧਰ 'ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ।  ਉਨ੍ਹਾਂ ਖਿਡਾਰੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੁਹਾਡੀ ਉਪਲਬੱਧੀ ਨਾਲ ਜਿਥੇ ਦੇਸ਼ ਦਾ ਮਾਣ ਵਧਿਆ ਹੈ, ਉਥੇ ਹੀ ਹੋਰਨਾਂ ਨੌਜਵਾਨਾਂ ਨੂੰ ਖੇਡਾਂ ਵਿੱਚ ਆਪਣਾ ਹੁਨਰ ਦਿਖਾਉਣ ਲਈ ਇਹ ਉਪਲੱਬਧੀ ਚਾਨਣ ਮੁਨਾਰੇ ਦਾ ਕੰਮ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਦੇ ਖੇਡ ਵਿਭਾਗ ਨੂੰ ਵੀ ਇਸ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡ ਵਿਭਾਗ ਦੇ ਕਾਬਲ ਕੋਚਾਂ ਦੀ ਅਣਥੱਕ ਮਿਹਨਤ ਸੂਬੇ ਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸੂਬੇ ਦਾ ਨਾਮ ਚਮਕਾਉਣ ਲਈ ਮਦਦਗਾਰ ਸਾਬਤ ਹੋ ਰਹੀ ਹੈ। ਸਾਕਸ਼ੀ ਸਾਹਨੀ ਨੇ ਜਸਕਰਨ ਸਿੰਘ ਧਾਲੀਵਾਲ ਦੀ ਇਸ ਜਿੱਤ ਲਈ ਵਧਾਈ ਦਿੰਦਿਆਂ ਭਵਿੱਖ 'ਚ ਹੋਰ ਵੀ ਅੱਗੇ ਵਧਣ ਦੀ ਕਾਮਨਾ ਕੀਤੀ ਤੇ ਕਿਹਾ ਕਿ ਉਹ ਬਾਕੀ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪ੍ਰੇਰਤ ਕਰਨ 'ਚ ਆਪਣੀ ਭੂਮਿਕਾ ਨਿਭਾਵੇ।

 ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਅਗਵਾਈ ਹੇਠ ਖੇਡ ਵਿਭਾਗ ਵੱਲੋਂ ਸੂਬੇ ਦੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਤੋਂ ਲੈਕੇ ਵੈਟਰਨ ਖਿਡਾਰੀਆਂ ਤੱਕ ਦੇ ਮੁਕਾਬਲੇ 'ਖੇਡਾਂ ਵਤਨ ਪੰਜਾਬ ਦੀਆਂ' ਦੌਰਾਨ ਕਰਵਾਏ ਗਏ ਹਨ। ਦੱਸਣਯੋਗ ਹੈ ਕਿ ਪਟਿਆਲਾ ਦੇ ਮੰਡੋੜ ਪਿੰਡ ਦੇ ਜਸਕਰਨ ਸਿੰਘ ਧਾਲੀਵਾਲ ਨੇ ਦੇਸ਼ ਦਾ ਮਾਣ ਵਧਾਉਂਦਿਆਂ ਇਸ ਤੋਂ ਪਹਿਲਾਂ ਵੀ ਹੰਗਰੀ ਵਿਖੇ ਹੋਈਆ ਏਸ਼ੀਅਨ ਖੇਡਾਂ 'ਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਮੌਕੇ ਜਸਕਰਨ ਸਿੰਘ ਧਾਲੀਵਾਲ ਦੇ ਪਿਤਾ ਰਣਜੀਤ ਸਿੰਘ ਜੀਤਾ, ਕੋਚ ਸਾਰਜ ਭੁੱਲਰ ਤੇ ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ਖਿਡਾਰੀ ਤੇ ਪਟਿਆਲਾ ਵਾਸੀ ਮੌਜੂਦ ਸਨ।

Have something to say? Post your comment