Sunday, May 11, 2025

National

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (19 ਜੁਲਾਈ 2021)

July 19, 2021 08:16 AM
SehajTimes

ਧਨਾਸਰੀ ਛੰਤ ਮਹਲਾ ੪ ਘਰੁ ੧  
ੴ ਸਤਿਗੁਰ ਪ੍ਰਸਾਦਿ ॥    
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ॥ ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ॥ ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥ ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥ ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥ ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥   

ਸੋਮਵਾਰ, 4 ਸਾਉਣ (ਸੰਮਤ 553 ਨਾਨਕਸ਼ਾਹੀ) ਅੰਗ: 690

ਪੰਜਾਬੀ ਵਿਆਖਿਆ:

ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।    ਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। (ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ। (ਗੁਣ ਗਾਣ ਦੀ ਬਰਕਤਿ ਨਾਲ ਮਨੁੱਖ) ਅਹੰਕਾਰ, ਹਉਮੈ, ਮਾਇਆ (ਦਾ ਮੋਹ) ਤਿਆਗ ਦੇਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। (ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ। ਹੇ ਭਾਈ! ਪਰਮਾਤਮਾ ਕਿਰਪਾ ਕਰੇ, ਤਾਂ ਉਸ ਦਾ ਨਾਮy ਸਿਮਰਿਆ ਜਾ ਸਕਦਾ ਹੈ।੧। ਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਉਸ (ਪ੍ਰਭੂ) ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ। ਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ (ਉਸ ਪ੍ਰਭੂ ਨੂੰ) ਹਿਰਦੇ ਵਿਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਹੇ ਭਾਈ! ਮੈਂ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ (ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈ, ਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ। ਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ।2।   

 

Have something to say? Post your comment

 

More in National