ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਕਰਨਾਲ ਵਿਖੇ ਆਯੋਜਿਤ ‘ਲੋਕਤੰਤਰ ਬਚਾਓ- ਅਰਾਜਕਤਾ ਹਟਾਓ’ ਪਦਯਾਤਰਾ ਦੇ ਮੌਕੇ 'ਤੇ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਰੀ ਝੰਡੀ ਦਿਖਾ ਕੇ ਪਦਯਾਤਰਾ ਨੂੰ ਰਵਾਨਾ ਕੀਤਾ। ਪਦਯਾਤਰਾ ਵਿੱਚ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ, ਹਰਿਆਣਾ ਪ੍ਰਦੇਸ਼ ਦੀ ਇੰਚਾਰਜ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ, ਭਾਜਪਾ ਦੇ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ, ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ, ਰਾਓ ਨਰਬੀਰ ਸਿੰਘ, ਸ੍ਰੀ ਮਹੀਪਾਲ ਢਾਂਡਾ, ਡਾ. ਅਰਵਿੰਦ ਸ਼ਰਮਾ, ਸ੍ਰੀ ਕ੍ਰਿਸ਼ਨ ਬੇਦੀ, ਰਾਜ ਮੰਤਰੀ ਸ੍ਰੀ ਗੌਰਵ ਗੌਤਮ, ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ, ਸਰਕਾਰੀ ਮੁੱਖ ਚੀਫ਼ ਵਿਪ ਅਤੇ ਵਿਧਾਇਕ ਰਾਮ ਕੁਮਾਰ ਕਸ਼ਯਪ, ਵਿਧਾਇਕ ਜਗਮੋਹਨ ਆਨੰਦ, ਵਿਧਾਇਕ ਭਗਵਾਨਦਾਸ ਕਬੀਰਪੰਥੀ, ਵਿਧਾਇਕ ਯੋਗੇਂਦਰ ਰਾਣਾ ਸਮੇਤ ਸੀਨੀਅਰ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਨਾਗਰਿਕ ਤੇ ਵਰਕਰ ਮੌਜੂਦ ਰਹੇ।
ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਹਰਿਆਣਾ ਦੀ ਪਵਿੱਤਰ ਧਰਤੀ 'ਤੇ ਪਹੁੰਚਣ 'ਤੇ ਸਵਾਗਤ ਅਤੇ ਅਭਿਨੰਦਨ ਕੀਤਾ। ਉਨ੍ਹਾਂ ਕਿਹਾ ਕਿ ਐਸਆਈਆਰ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਾਨਵੀਰ ਕਰਨ ਦੀ ਨਗਰੀ ਕਰਨਾਲ ਤਿਆਗ, ਸੇਵਾ ਅਤੇ ਦਾਨ ਦੀ ਪਰੰਪਰਾ ਲਈ ਜਾਣੀ ਜਾਂਦੀ ਹੈ। ਲੋਕਤੰਤਰ ਵਿੱਚ ਹਰੇਕ ਨਾਗਰਿਕ ਦੀ ਵੋਟ ਸਭ ਤੋਂ ਮਹੱਤਵਪੂਰਨ ਅਧਿਕਾਰ ਹੈ, ਜੋ ਦੇਸ਼ ਅਤੇ ਸੂਬੇ ਦੇ ਭਵਿੱਖ ਦੇ ਨਿਰਮਾਣ ਵਿੱਚ ਉਸਦੀ ਭਾਗੀਦਾਰੀ ਨੂੰ ਯਕੀਨੀ ਬਣਾਉਂਦੀ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਹਰੇਕ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੋਵੇ ਅਤੇ ਉਹ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕੇ। ਵੋਟਰ ਸੂਚੀ ਦੀ ਐਸਆਈਆਰ (S9R) ਇਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ, ਜਿਸ ਦਾ ਉਦੇਸ਼ ਵੋਟਰ ਸੂਚੀ ਨੂੰ ਹੋਰ ਵਧੇਰੇ ਸ਼ੁੱਧ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਸਪੱਸ਼ਟ ਸੰਕਲਪ ਹੈ ਕਿ ਕੋਈ ਵੀ ਯੋਗ ਨਾਗਰਿਕ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਵੋਟਰ ਸੂਚੀ ਵਿੱਚ ਮ੍ਰਿਤਕ ਵਿਅਕਤੀਆਂ ਦੇ ਨਾਂ, ਦੋਹਰੀਆਂ ਐਂਟਰੀਆਂ ਅਤੇ ਗਲਤ ਰਿਕਾਰਡ ਦੀ ਨਿਯਮਾਂ ਅਨੁਸਾਰ ਜਾਂਚ ਕਰਕੇ ਉਚਿਤ ਪ੍ਰਕਿਰਿਆ ਤਹਿਤ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਵੋਟਰ ਸੂਚੀ ਵਿੱਚ ਜ਼ਰੂਰ ਜਾਂਚਣ ਅਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਹੋਣ 'ਤੇ ਸਬੰਧਤ ਚੋਣ ਅਧਿਕਾਰੀ ਕੋਲ ਨਿਯਮਾਂ ਅਨੁਸਾਰ ਦਾਅਵਾ ਜਾਂ ਇਤਰਾਜ਼ ਦਰਜ ਕਰਵਾਉਣ।
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਦੀਵਾਲੀ ਤੋਂ ਪਹਿਲਾਂ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਾਂ, ਉਸੇ ਤਰ੍ਹਾਂ ਲੋਕਤੰਤਰੀ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਵੋਟਰ ਸੂਚੀ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਵੀ ਜ਼ਰੂਰੀ ਹੈ। ਇਹ ਪ੍ਰਕਿਰਿਆ ਕਿਸੇ ਵਿਅਕਤੀ ਜਾਂ ਵਰਗ ਦੇ ਵਿਰੁੱਧ ਨਹੀਂ, ਸਗੋਂ ਲੋਕਤੰਤਰੀ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਦਾ ਕੰਮ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਪ੍ਰਤੀ ਜਾਗਰੂਕ ਰਹਿਣ, ਤੱਥਾਂ ਨੂੰ ਸਮਝਣ, ਸੰਵਿਧਾਨਕ ਸੰਸਥਾਵਾਂ ਦਾ ਸਨਮਾਨ ਕਰਨ ਅਤੇ ਆਪਣੇ ਅਧਿਕਾਰਾਂ ਦੇ ਨਾਲ-ਨਾਲ ਫਰਜ਼ਾਂ ਦੀ ਵੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਪਛਾਣ ਮਿਹਨਤ, ਇਮਾਨਦਾਰੀ, ਭਾਈਚਾਰੇ ਅਤੇ ਦੇਸ਼ ਭਗਤੀ ਨਾਲ ਹੈ ਅਤੇ ਇਨ੍ਹਾਂ ਸਮਾਜਿਕ ਤੇ ਸੰਵਿਧਾਨਕ ਮੁੱਲਾਂ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਮੁੱਖ ਮੰਤਰੀ ਨੇ ਪਦਯਾਤਰਾ ਵਿੱਚ ਸ਼ਾਮਲ ਮਾਤਾਵਾਂ-ਭੈਣਾਂ, ਨੌਜਵਾਨਾਂ, ਕਿਸਾਨਾਂ, ਵਰਕਰਾਂ ਅਤੇ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰੇਕ ਯੋਗ ਵੋਟਰ ਦਾ ਅਧਿਕਾਰ ਸੁਰੱਖਿਅਤ ਰੱਖਣਾ, ਵੋਟਰ ਸੂਚੀ ਨੂੰ ਗਲਤੀ ਰਹਿਤ ਬਣਾਉਣਾ ਅਤੇ ਲੋਕਤੰਤਰੀ ਪ੍ਰਕਿਰਿਆ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਪਿੰਡ ਅਤੇ ਵਾਰਡ ਵਿੱਚ ਜਾ ਕੇ ਯੋਗ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਜਾਂਚਣ ਲਈ ਪ੍ਰੇਰਿਤ ਕਰਨ। ਜੇਕਰ ਕਿਸੇ ਦਾ ਨਾਮ ਛੁੱਟ ਗਿਆ ਹੋਵੇ ਤਾਂ ਨਿਰਧਾਰਤ ਪ੍ਰਕਿਰਿਆ ਤਹਿਤ ਉਸਦੀ ਮਦਦ ਕਰਨ। ਬਜ਼ੁਰਗਾਂ, ਔਰਤਾਂ ਅਤੇ ਪਹਿਲੀ ਵਾਰ ਵੋਟਰ ਬਣਨ ਵਾਲੇ ਨੌਜਵਾਨਾਂ ਦਾ ਹੱਥ ਫੜਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰੀ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਐਸਆਈਆਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ‘ਜੈ ਜਵਾਨ, ਜੈ ਕਿਸਾਨ, ਜੈ ਹਰਿਆਣਾ, ਜੈ ਹਿੰਦ ਅਤੇ ਭਾਰਤ ਮਾਤਾ ਕੀ ਜੈ’ ਦੇ ਜੈਕਾਰਿਆਂ ਨਾਲ ਕੀਤੀ।