ਮੁੰਬਈ : ਰੈਪਰ ਅਤੇ ਸੰਗੀਤ ਨਿਰਮਾਤਾ ਹਿਰਦੇਸ਼ ਸਿੰਘ ਜੋਕਿ ਯੋ ਯੋ ਹਨੀ ਸਿੰਘ ਦੇ ਨਾਮ ਨਾਲ ਮਸ਼ਹੂਰ ਹਨ, ਸ਼ੁੱਕਰਵਾਰ ਨੂੰ ਇਕ ਸੰਗੀਤ ਸਮਾਰੋਹ ਦੌਰਾਨ ਆਪਣੀਆਂ ਕਥਿਤ ਇਤਰਾਜਯੋਗ ਟਿੱਪਣੀਆਂ ਨੂੰ ਲੈ ਕੇ ਮਹਾਰਾਸ਼ਟਰ ਸਾਈਬਰ ਸੈਲ ਦੇ ਸਾਹਮਣੇ ਪੇਸ਼ ਹੋਏ। ਗਾਇਕ ਅਤੇ ਰੈਪਰ ਨੂੰ ਦੋ ਘੰਟੇ ਆਪਣਾ ਬਿਆਨ ਦਰਜ ਕਰਨ ਤੋਂ ਬਾਅਦ ਮਹਾਰਾਸ਼ਟਰ ਸਾਈਬਰ ਸੈਲ ਦੇ ਦਫ਼ਤਰ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਹਨੀ ਸਿੰਘ ਸਖ਼ਤ ਸੁਰੱਖਿਆ ਵਿਚਕਾਰ ਦਫ਼ਤਰ ਤੋਂ ਬਾਹਰ ਨਿਕਲਿਆ। ਇਸ ਤੋਂ ਪਹਿਲਾਂ ਮਹਾਰਾਸ਼ਟਰ ਸਾਈਬਰ ਸੈਲ ਨੇ ਰੈਪਰ ਅਤੇ ਸੰਗੀਤ ਨਿਰਮਾਤਾ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਦੀ 22 ਅਕਤੂਬਰ ਨੂੰ ਪੇਸ਼ ਹੋਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ। ਮਹਾਰਾਸ਼ਟਰ ਸਾਈਬਰ ਸੈਲ ਦੇ ਅਨੁਸਾਰ ਇਕ ਵਿਅਕਤੀ ਵਲੋਂ ਹਨੀ ਸਿੰਘ ਵਿਰੁੱਧ ਇਕ ਸੰਗੀਤ ਸਮਾਰੋਹ ਦੌਰਾਨ ਕੀਤੀ ਗਈ ਕਥਿਤ ਇਤਰਾਜਯੋਗ ਟਿੱਪਣੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਹ ਸੰਮਨ ਜਾਰੀ ਕੀਤਾ ਗਿਆ। ਹਨੀ ਸਿੰਘ ’ਤੇ ਇਕ ਪ੍ਰਦਰਸ਼ਨ ਦੌਰਾਨ ਇਤਰਾਜਯੋਗ ਟਿੱਪਣੀਆਂ ਕਰਨ ਦਾ ਦੋਸ਼ ਹੈ, ਜਿਸ ਤੋਂ ਬਾਅਦ ਇਕ ਸ਼ਿਕਾਇਤਕਰਤਾ ਨੇ ਮਹਾਰਾਸ਼ਟਰ ਸਾਈਬਰ ਸੈਲ ਕੋਲ ਸ਼ਿਕਾਇਤ ਦਰਜ ਕਰਵਾਈ।
ਮਹਾਰਾਸ਼ਟਰ ਸਾਈਬਰ ਸੈਲ ਦੇ ਸੂਤਰਾਂ ਅਨੁਸਾਰ ਹਨੀ ਸਿੰਘ ਤਿੰਨ ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਪੇਸ਼ ਨਹੀਂ ਹੋਇਆ। ਉਸਨੇ ਕਥਿਤ ਤੌਰ ’ਤੇ ਦਾਅਵਾ ਕੀਤਾ ਸੀ ਕਿ ਉਹ ਵਿਦੇਸ਼ ਵਿੱਚ ਹੋਣ ਕਰਕੇ ਪੇਸ਼ ਨਹੀਂ ਹੋ ਸਕਿਆ। ਸੂਤਰਾਂ ਨੇ ਦਸਿਆ ਕਿ ਹਨੀ ਸਿੰਘ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਗਿਆ ਹੈ। ਮਹਾਰਾਸ਼ਟਰ ਸਾਈਬਰ ਸੈਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਹਨੀ ਸਿੰਘ ਇਸ ਵਾਰ ਵੀ ਪੇਸ਼ ਹੋਣ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਉਸਦੇ ਵਿਰੁੱਧ ਲੁੱਕ ਆਊਟ ਸਰਕੂਲਰ ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਹਨੀ ਸਿੰਘ ਨੇ 5 ਅਕਤੂਬਰ ਨੂੰ ਪੁੱਛਗਿੱਛ ਲਈ ਨਾ ਆਉਣ ਤੋਂ ਬਾਅਦ ਮਹਾਰਾਸ਼ਟਰ ਸਾਈਬਰ ਤੋਂ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਵਾਧੂ ਸਮਾਂ ਮੰਗਿਆ।
ਉਸਨੂੰ ਮਹਾਰਾਸ਼ਟਰ ਸਾਈਬਰ ਦੁੁਆਰਾ ਸੰਮਨ ਕੀਤਾ ਗਿਆ ਸੀ ਅਤੇ ਇਕ ਸੰਗੀਤ ਸਮਾਰੋਹ ਦੌਰਾਨ ਕਥਿਤ ਤੌਰ ’ਤੇ ਇਤਰਾਜਯੋਗ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਉਸਦੇ ਖਿਲਾਫ਼ ਦਾਇਰ ਸ਼ਿਕਾਇਤ ਦੇ ਸਬੰਧ ਵਿੱਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਸ਼ਿਕਾਇਤ ਦੇ ਅਨੁਸਾਰ ਪ੍ਰਦਰਸ਼ਨ ਦੌਰਾਨ ਰੈਪਰ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਨੇ ਸ਼ਿਕਾਇਤਕਰਤਾ ਨੂੰ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਮਹਾਰਾਸ਼ਟਰ ਸਾਈਬਰ ਨੇ ਪੁੱਛਗਿੱਛ ਲਈ ਉਸਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ। ਹਨੀ ਸਿੰਘ ਨਿਰਦੇਸ਼ ਅਨੁਸਾਰ ਜਾਂਚ ਅਧਿਕਾਰੀਆਂ ਸਾਹਮਣੇ ਪੇਸ਼ ਨਹੀਂ ਹੋਇਆ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਵੇਵਰੇ ਅਜੇ ਪ੍ਰਾਪਤ ਹੋਣੇ ਬਾਕੀ ਹਨ।