ਕੰਪਨੀਆਂ ਹੁਣ ‘ਹੁਨਰ ਪੰਜਾਬ` ਪੋਰਟਲ ਰਾਹੀਂ ਹੁਨਰਮੰਦ ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਦੇ ਸਕਦੀਆਂ ਹਨ: ਭਗਵੰਤ ਸਿੰਘ ਮਾਨ
ਨਿਵੇਸ਼ਕ ਫਾਸਟ-ਟ੍ਰੈਕ ਪੰਜਾਬ ਪੋਰਟਲ ਰਾਹੀਂ ਵਿੱਤੀ ਸਹਾਇਤਾ ਦੀ ਸਥਿਤੀ ਉੱਤੇ ਨਜ਼ਰ ਰੱਖ ਸਕਦੇ ਹਨ: ਭਗਵੰਤ ਸਿੰਘ ਮਾਨ
ਸਾਡਾ ਟੀਚਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਅਤੇ ਮੁੜ ‘ਰੰਗਲਾ ਪੰਜਾਬ` ਸਿਰਜਣਾ ਹੈ: ਭਗਵੰਤ ਸਿੰਘ ਮਾਨ
ਸਾਲ 2022 ਤੋਂ ਲੈ ਕੇ ਹੁਣ ਤੱਕ 1.90 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ, ਜਿਸ ਨਾਲ 6.31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ: ਭਗਵੰਤ ਸਿੰਘ ਮਾਨ
ਪੁਰਾਣੀਆਂ ਸਰਕਾਰਾਂ ਨਿਵੇਸ਼ ਸੰਮੇਲਨ ਅਤੇ ਐੱਮ.ਓ.ਯੂ. ਕਰਦੀਆਂ ਸਨ, ਪਰ ਕੰਪਨੀਆਂ ਨੇ ਨਿਵੇਸ਼ ਨਹੀਂ ਕੀਤਾ: ਭਗਵੰਤ ਸਿੰਘ ਮਾਨ
ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿਖੇ ‘ਹੁਨਰ ਪੰਜਾਬ` ਅਤੇ ‘ਫਾਸਟ-ਟ੍ਰੈਕ ਪੰਜਾਬ` ਪੋਰਟਲ ਲਾਂਚ
ਚੰਡੀਗੜ੍ਹ : ਕਾਰੋਬਾਰ ਵਿੱਚ ਸੌਖ, ਪਾਰਦਰਸ਼ਤਾ ਅਤੇ ਰੋਜ਼ਗਾਰ ਪੈਦਾ ਕਰਨ ਤੇ ਨਵੇਂ ਸਿਰਿਓਂ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਨਿਵੇਸ਼ਕਾਂ ਲਈ ਤਰਜੀਹੀ ਸਥਾਨ ਵਜੋਂ ਉੱਭਰ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਸ ਦਿਸ਼ਾ ਵਿੱਚ ਚੰਡੀਗੜ੍ਹ ਵਿਖੇ ‘ਹੁਨਰ ਪੰਜਾਬ ਅਤੇ ‘ਫਾਸਟ-ਟ੍ਰੈਕ ਪੰਜਾਬ` ਪੋਰਟਲ ਲਾਂਚ ਕੀਤੇ। ਉਨ੍ਹਾਂ ਕਿਹਾ ਕਿ ਇਹ ਨਵੇਂ ਪੋਰਟਲ 45 ਦਿਨਾਂ ਦੇ ਅੰਦਰ ਸਿੰਗਲ ਵਿੰਡੋ ਰਾਹੀਂ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਯਕੀਨੀ ਬਣਾਉਣਗੇ, ਨਿਵੇਸ਼ਕਾਂ ਨੂੰ ਵਿੱਤੀ ਉਤਸ਼ਾਹ ਦੀ ਪਾਰਦਰਸ਼ੀ ਢੰਗ ਨਾਲ ਟਰੈਕਿੰਗ ਕਰਨ ਦੇ ਯੋਗ ਬਣਾਉਣਗੇ ਅਤੇ ਉਦਯੋਗਾਂ ਨੂੰ ਹੁਨਰਮੰਦ ਨੌਜਵਾਨਾਂ ਨਾਲ ਸਿੱਧਾ ਜੋੜਨਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ 2022 ਤੋਂ ਲੈ ਕੇ ਹੁਣ ਤੱਕ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 6.31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ, ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਰਕਾਰ ਦੀ ਪਹਿਲਕਦਮੀ ਸੂਬੇ ਦੇ ਨੌਜਵਾਨਾਂ ਲਈ ਪੰਜਾਬ ਦੇ ਅੰਦਰ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਮੁੜ ‘ਰੰਗਲਾ ਪੰਜਾਬ ਨੂੰ ਮੁੜ ਸਿਰਜਣਾ ਹੈ। ਸੋਸ਼ਲ ਮੀਡੀਆ ਐਕਸ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਿਸ ਨਾਲ 6.31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਨਿਵੇਸ਼ਕਾਂ ਦੇ ਇਸ ਭਰੋਸੇ ਨੂੰ ਬਣਾਈ ਰੱਖਣ ਲਈ ਅਸੀਂ ਅੱਜ ਦੋ ਪ੍ਰਮੁੱਖ ਪੋਰਟਲ ਲਾਂਚ ਕੀਤੇ ਹਨ। ‘ਹੁਨਰ ਪੰਜਾਬ ਪੋਰਟਲ ਸੂਬੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਉਦਯੋਗਾਂ ਨੂੰ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਿਵੇਸ਼ਕਾਂ ਨੂੰ ਉਪਲਬਧ ਸਹੂਲਤਾਂ ਅਤੇ ਵਿੱਤੀ ਰਿਆਇਤਾਂ ਬਾਰੇ ਪਾਰਦਰਸ਼ੀ ਜਾਣਕਾਰੀ ਪ੍ਰਦਾਨ ਕਰਨ ਲਈ ‘ਫਾਸਟ-ਟ੍ਰੈਕ ਪੰਜਾਬ` ਦਾ ‘ਫਾਈਨੈਂਸ਼ੀਅਲ ਇਨਸੈਂਟਿਵਜ਼ ਮੌਡਿਊਲ` (ਪਾਸਬੁੱਕ) ਲਾਂਚ ਕੀਤਾ ਗਿਆ ਹੈ। ਸਾਡਾ ਟੀਚਾ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਪਣੇ ਸੂਬੇ ਵਿੱਚ ਰੋਜ਼ਗਾਰ ਦੇਣਾ ਅਤੇ ਪੰਜਾਬ ਨੂੰ ਇਕ ਵਾਰ ਫਿਰ ਖ਼ੁਸ਼ਹਾਲ ਬਣਾਉਣਾ ਹੈ। ਇਨਕਲਾਬ ਜ਼ਿੰਦਾਬਾਦ।” ਪੋਰਟਲ ਲਾਂਚ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹੁਨਰ ਪੰਜਾਬ ਅਤੇ ਫਾਸਟ-ਟ੍ਰੈਕ ਪੰਜਾਬ ਦੀ ਸ਼ੁਰੂਆਤ ਪੰਜਾਬ ਦੇ ਉਦਯੋਗ ਅਤੇ ਨੌਜਵਾਨਾਂ ਲਈ ਮਹੱਤਵਪੂਰਨ ਕਦਮ ਹੈ। ‘ਹੁਨਰ ਪੰਜਾਬ` ਉਦਯੋਗ ਅਤੇ ਹੁਨਰਮੰਦ ਨੌਜਵਾਨਾਂ ਵਿਚਕਾਰ ਪਾੜੇ ਨੂੰ ਪੂਰਾ ਕਰੇਗਾ ਅਤੇ ਸੂਬੇ ਦੇ ਅੰਦਰ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰੇਗਾ।” ਮੁੱਖ ਮੰਤਰੀ ਨੇ ਕਿਹਾ, “ਹੁਨਰ ਪੰਜਾਬ ਨੌਜਵਾਨਾਂ ਦੀ ਪ੍ਰਤਿਭਾ, ਨੈੱਟਵਰਕਿੰਗ ਅਤੇ ਰੋਜ਼ਗਾਰ ਤੱਕ ਪਹੁੰਚ ਕਰਨ ਲਈ ਸਿੰਗਲ ਪਲੇਟਫਾਰਮ ਹੈ।ਉਦਯੋਗਾਂ, ਸੰਸਥਾਵਾਂ ਅਤੇ ਵਿਭਾਗਾਂ ਲਈ ਵਿਸ਼ੇਸ਼ ਡੈਸ਼ਬੋਰਡ ਤਿਆਰ ਕੀਤੇ ਗਏ ਹਨ। ਇਹ ਪਲੇਟਫਾਰਮ ਹੈਲਪ-ਡੈਸਕ ਸਹਾਇਤਾ ਦੇ ਨਾਲ-ਨਾਲ ਸਵਾਲਾਂ ਅਤੇ ਸ਼ਿਕਾਇਤਾਂ ਦੇ ਨਿਵਾਰਨ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ, ਜਿਸ ਨਾਲ ਪੂਰੀ ਪ੍ਰਕਿਰਿਆ ਸਾਰੇ ਹਿੱਸੇਦਾਰਾਂ ਲਈ ਸੁਖਾਲੀ ਅਤੇ ਵਧੇਰੇ ਪਾਰਦਰਸ਼ੀ ਹੋ ਜਾਵੇਗੀ।" ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।