ਮੰਤਰੀ ਅਮਨ ਅਰੋੜਾ ਤੇ ਕਸਿਆ ਤੰਜ, ਕਿਹਾ ਰਾਤਾਂ ਨੂੰ ਪੁਲਿਸ ਗਸ਼ਤ ਕਿਉਂ ਨਹੀਂ ਕਰ ਰਹੇ ਚੈੱਕ
ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ ਨੇ ਸੁਨਾਮ ਇਲਾਕੇ ਦੀ ਮੌਜੂਦਾ ਸਥਿਤੀ ਅਤੇ ਨਸ਼ਿਆਂ ਦੇ ਵਧ ਰਹੇ ਪ੍ਰਕੋਪ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ । ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਧਸ ਦੀ ਜਾ ਰਹੀ ਹੈ , ਸਰਕਾਰ 70 ਹਜ਼ਾਰ ਨਸਾ ਤਸਕਰਾਂ ਖਿਲਾਫ ਕੇਸ ਦਰਜ ਕਰਨ ਦੀ ਗੱਲ ਆਖ ਰਹੀ ਹੈ ਜਦਕਿ ਨੌਜਵਾਨ ਨਿੱਤ ਦਿਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਸੁਨਾਮ ਖੇਤਰ ਵਿੱਚ ਗਰੀਬਾਂ ਅਤੇ ਅਨੁਸੂਚਿਤ ਜਾਤੀ (ਐੱਸ.ਸੀ.) ਪਰਿਵਾਰਾਂ ਨਾਲ ਲਗਾਤਾਰ ਧੱਕੇਸ਼ਾਹੀ ਹੋ ਰਹੀ ਹੈ, ਜਿਸ ਵਿੱਚ ਤੂਰਬਨਜਾਰਾ ਦੇ ਗੁਲਜ਼ਾਰ ਸਿੰਘ ਦਾ ਮਾਮਲਾ, ਕਨੋਈ ਦਾ ਮੁੱਦਾ ਅਤੇ ਨਮੋਲ ਖੇਤਰ ਦੀਆਂ ਘਟਨਾਵਾਂ ਸ਼ਾਮਲ ਹਨ। ਸਨਿੱਚਰਵਾਰ ਨੂੰ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਦੋਸ਼ ਲਾਇਆ ਕਿ ਕਨੋਈ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਨੇ ਪਰਿਵਾਰ ਤੋਂ ਬਿਨਾਂ ਹੀ ਉਸ ਦਾ ਸਸਕਾਰ ਕਰ ਦਿੱਤਾ ਅਤੇ ਧੱਕੇਸ਼ਾਹੀ ਦੀ ਹੱਦ ਪਾਰ ਕੀਤੀ। ਇਸ ਤੋਂ ਇਲਾਵਾ ਸੁਨਾਮ ਵਿੱਚ ਚਿੱਟੇ (ਨਸ਼ੇ) ਕਾਰਨ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਇੱਕ ਵੀਡੀਓ ਦਿਖਾਈ, ਜਿਸ ਵਿੱਚ ਲੜਕੀਆਂ ਵੱਲੋਂ ਨਸ਼ੇ ਦੇ ਸੇਵਨ ਦਾ ਖੁਲਾਸਾ ਹੋਇਆ ਅਤੇ ਉਨ੍ਹਾਂ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਦੀ ਮੰਗ ਕੀਤੀ। ਉਨ੍ਹਾਂ ਕੈਬਨਿਟ ਮੰਤਰੀ ਅਮਨ ਅਰੋੜਾ 'ਤੇ ਨਿਸ਼ਾਨਾ ਸਾਧਦਿਆਂ ਸਵਾਲ ਕੀਤਾ ਕਿ ਪਹਿਲਾਂ ਵਿਰੋਧੀ ਧਿਰ ਵਿੱਚ ਰਹਿੰਦਿਆਂ ਰਾਤ ਨੂੰ ਪੀਸੀਆਰ ਗਸ਼ਤ ਚੈੱਕ ਕਰਨ ਵਾਲੇ ਮੰਤਰੀ ਹੁਣ ਪੁਲਿਸ ਗਸ਼ਤ ਯਕੀਨੀ ਕਿਉਂ ਨਹੀਂ ਬਣਾ ਰਹੇ। ਉਨ੍ਹਾਂ ਮੰਗ ਕੀਤੀ ਕਿ ਮੰਤਰੀਆਂ ਦੀ ਸੁਰੱਖਿਆ ਵਿੱਚ ਤਾਇਨਾਤ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਥਾਣਿਆਂ ਵਿੱਚ ਲਗਾਇਆ ਜਾਵੇ ਅਤੇ ਧਰਨਿਆਂ 'ਤੇ ਪੁਲਿਸ ਫੋਰਸ ਲਗਾਉਣ ਦੀ ਥਾਂ ਲੋਕਾਂ ਦੀਆਂ ਸਮੱਸਿਆਵਾਂ ਸਿੱਧੀਆਂ ਹੱਲ ਕੀਤੀਆਂ ਜਾਣ। ਉਨ੍ਹਾਂ ਸਰਕਾਰ ਦੇ 70 ਹਜ਼ਾਰ ਨਸ਼ਾ ਤਸਕਰ ਫੜਨ ਦੇ ਦਾਅਵਿਆਂ ਨੂੰ ਝੂਠਾ ਦੱਸਦਿਆਂ ਜੇਲ੍ਹਾਂ ਦੀ ਸੀਮਤ ਸਮਰੱਥਾ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਪ੍ਰਸ਼ਾਸਨ ਨਸ਼ਾ ਕਰਨ ਵਾਲਿਆਂ 'ਤੇ ਮਾਮੂਲੀ ਪਰਚੇ ਦਰਜ ਕਰਨ ਦੀ ਬਜਾਏ ਨਸ਼ਾ ਵੇਚਣ ਵਾਲੇ ਵੱਡੇ ਸੌਦਾਗਰਾਂ 'ਤੇ ਸਖ਼ਤ ਕਾਰਵਾਈ ਕਰੇ। ਅੰਤ ਵਿੱਚ, ਉਨ੍ਹਾਂ ਸਮੁੱਚੇ ਪ੍ਰਸ਼ਾਸਨ, ਪੁਲਿਸ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਜਵਾਨੀ ਅਤੇ ਭਵਿੱਖ ਨੂੰ ਬਚਾਉਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਿਆਂ ਵਿਰੁੱਧ ਇੱਕਜੁੱਟ ਹੋ ਕੇ ਠੋਸ ਕਦਮ ਚੁੱਕੇ ਜਾਣ।