ਪੰਜਾਬ ਸਥਾਨਕ ਅਤੇ ਵਿਸ਼ਵ ਭਰ ਦੇ ਨਿਵੇਸ਼ਕਾਂ ਲਈ ਪਸੰਦੀਦਾ ਥਾਂ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ: ਭਗਵੰਤ ਸਿੰਘ ਮਾਨ
ਨਵੇਂ ਨਿਵੇਸ਼ ਪ੍ਰਸਤਾਵਾਂ ਪੱਖੋਂ ਮੋਹਾਲੀ 9,478 ਕਰੋੜ ਰੁਪਏ ਦੇ ਨਿਵੇਸ਼ ਨਾਲ ਰਿਹਾ ਮੋਹਰੀ, 4,968 ਕਰੋੜ ਰੁਪਏ ਦੇ ਨਿਵੇਸ਼ ਨਾਲ ਲੁਧਿਆਣਾ ਦੂਜੇ ਸਥਾਨ 'ਤੇ: ਭਗਵੰਤ ਸਿੰਘ ਮਾਨ
ਸੂਬੇ ਭਰ ਵਿੱਚ ਤੇਜ਼ੀ ਨਾਲ ਉਦਯੋਗਿਕ ਵਿਕਾਸ ਹੋ ਰਿਹਾ ਹੈ ਅਤੇ ਰਵਾਇਤੀ ਉਦਯੋਗਿਕ ਕੇਂਦਰਾਂ ਤੋਂ ਇਲਾਵਾ ਨਵੇਂ ਉਦਯੋਗ ਵੀ ਮੌਕੇ ਪੈਦਾ ਕਰ ਰਹੇ ਹਨ: ਭਗਵੰਤ ਸਿੰਘ ਮਾਨ
ਸਰਕਾਰ ਨਿਵੇਸ਼ ਰਾਹੀਂ ਨੌਕਰੀਆਂ, ਉੱਦਮਤਾ ਅਤੇ ਵਧੇਰੇ ਆਮਦਨ ਪੈਦਾ ਕਰਨ 'ਤੇ ਕੇਂਦਰਿਤ ਹੈ: ਭਗਵੰਤ ਸਿੰਘ ਮਾਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ 1.89 ਲੱਖ ਕਰੋੜ ਦਾ ਵੱਡਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ ਅਤੇ ਰਵਾਇਤੀ ਕੇਂਦਰਾਂ ਤੋਂ ਬਾਹਰ ਵੀ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਿਆ ਹੈ। ਨਵੇਂ ਨਿਵੇਸ਼ ਪ੍ਰਸਤਾਵਾਂ ਪੱਖੋਂ ਮੋਹਾਲੀ 9,478 ਕਰੋੜ ਰੁਪਏ ਦੇ ਨਿਵੇਸ਼ ਨਾਲ ਮੋਹਰੀ ਰਿਹਾ ਅਤੇ ਲੁਧਿਆਣਾ 4,968 ਕਰੋੜ ਰੁਪਏ ਦੇ ਨਿਵੇਸ਼ ਨਾਲ ਦੂਜੇ ਸਥਾਨ 'ਤੇ ਹੈ। ਨਿਵੇਸ਼ ਦਾ ਇਹ ਵਧਦਾ ਦਾਇਰਾ ਨਿਵੇਸ਼ਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ ਅਤੇ ਨਾਲ ਹੀ ਪੂਰੇ ਪੰਜਾਬ ਵਿੱਚ ਨੌਕਰੀਆਂ, ਉੱਦਮ ਅਤੇ ਵਧੇਰੇ ਆਮਦਨ ਲਈ ਨਵੇਂ ਰਾਹ ਖੋਲ੍ਹ ਰਿਹਾ ਹੈ। ਅੱਜ ਇੱਥੇ ਉਦਯੋਗ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮਾਨ ਨੇ ਕਿਹਾ, "ਇਹ ਸ਼ਾਨਦਾਰ ਨਿਵੇਸ਼ ਪੰਜਾਬ ਦੇ ਉਦਯੋਗਿਕ ਈਕੋ-ਸਿਸਟਮ ਵਿੱਚ ਸਥਾਨਕ ਅਤੇ ਵਿਸ਼ਵ ਪੱਧਰੀ ਨਿਵੇਸ਼ਕਾਂ ਦੇ ਵਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ। ਸਾਡੀ ਸਰਕਾਰ ਨੇ ਬਿਹਤਰ ਬੁਨਿਆਦੀ ਢਾਂਚੇ, ਜਵਾਬਦੇਹ ਅਧਾਰਤ ਪ੍ਰਸ਼ਾਸਨ ਅਤੇ ਆਸਾਨ ਮਨਜ਼ੂਰੀ ਪ੍ਰਕਿਰਿਆਵਾਂ ਰਾਹੀਂ ਇੱਕ ਅਨੁਕੂਲ, ਪਾਰਦਰਸ਼ੀ ਅਤੇ ਨਿਵੇਸ਼ਕ-ਪੱਖੀ ਕਾਰੋਬਾਰੀ ਮਾਹੌਲ ਸਿਰਜਣ ਲਈ ਲਗਾਤਾਰ ਕੰਮ ਕੀਤਾ ਹੈ।" ਮੁੱਖ ਮੰਤਰੀ ਨੇ ਕਿਹਾ, "ਖੇਤੀਬਾੜੀ, ਨਿਰਮਾਣ, ਇੰਜੀਨੀਅਰਿੰਗ, ਟੈਕਸਟਾਈਲ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰਾਂ ਵਿੱਚ ਪੰਜਾਬ ਦੀਆਂ ਰਵਾਇਤੀ ਸਮਰੱਥਾਵਾਂ ਦੇ ਨਾਲ-ਨਾਲ ਤਕਨਾਲੋਜੀ, ਨਵਿਆਉਣਯੋਗ ਊਰਜਾ, ਆਟੋਮੋਬਾਈਲ ਅਤੇ ਆਧੁਨਿਕ ਨਿਰਮਾਣ ਵਿੱਚ ਸਾਡੀਆਂ ਉੱਭਰਦੀਆਂ ਸਮਰੱਥਾਵਾਂ, ਉਦਯੋਗਿਕ ਵਿਕਾਸ ਦੇ ਅਗਲੇ ਪੜਾਅ ਲਈ ਮਜ਼ਬੂਤ ਆਧਾਰ ਪ੍ਰਦਾਨ ਕਰ ਰਹੀਆਂ ਹਨ।" ਉਨ੍ਹਾਂ ਦੱਸਿਆ, "ਟਾਟਾ ਸਟੀਲ, ਜੇਐਸਡਬਲਯੂ ਸਟੀਲ, ਆਈਚੀ ਸਟੀਲਜ਼, ਵਰਧਮਾਨ, ਨੈਸਲੇ, ਹਿੰਦੁਸਤਾਨ ਲੀਵਰ, ਕਾਰਗਿਲ, ਡੀ ਹਿਊ, ਐਚਐਮਈਐਲ, ਸੰਥਾਨ ਟੈਕਸਟਾਈਲ ਅਤੇ ਫਰੂਡਨਬਰਗ ਸਮੇਤ ਕਈ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕੀਤਾ ਹੈ ਜਾਂ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ।" ਮਾਨ ਨੇ ਕਿਹਾ, "ਐਸ.ਏ.ਐਸ. ਨਗਰ (ਮੋਹਾਲੀ) ਤੇਜ਼ੀ ਨਾਲ ਪੰਜਾਬ ਦੇ ਪ੍ਰਮੁੱਖ ਆਰਥਿਕ ਅਤੇ ਉਦਯੋਗਿਕ ਵਿਕਾਸ ਕੇਂਦਰਾਂ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ ਵਿੱਤੀ ਸਾਲ 2022-23 ਤੋਂ 2026-27 ਦੌਰਾਨ 'ਕਾਮਨ ਐਪਲੀਕੇਸ਼ਨ ਫਾਰਮਾਂ' ਰਾਹੀਂ ਪ੍ਰਾਪਤ ਹੋਏ ਨਵੇਂ ਨਿਵੇਸ਼ ਪ੍ਰਸਤਾਵਾਂ ਪੱਖੋਂ ਮੋਹਰੀ ਜ਼ਿਲ੍ਹੇ ਵਜੋਂ ਉੱਭਰਿਆ ਹੈ। ਮੋਹਾਲੀ ਨੂੰ 9,478 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ, ਜਦਕਿ ਲੁਧਿਆਣਾ ਨੂੰ 4,968 ਕਰੋੜ ਰੁਪਏ ਦੇ ਨਿਵੇਸ਼, ਪਟਿਆਲਾ ਨੂੰ 2,590 ਕਰੋੜ ਰੁਪਏ ਦੇ ਨਿਵੇਸ਼ ਅਤੇ ਹੁਸ਼ਿਆਰਪੁਰ ਨੂੰ 2,003 ਕਰੋੜ ਰੁਪਏ ਦੇ ਨਿਵੇਸ਼ ਪ੍ਰਾਪਤ ਹੋਏ ਹਨ।" ਮੁੱਖ ਮੰਤਰੀ ਨੇ ਕਿਹਾ, "ਕਈ ਹੋਰ ਜ਼ਿਲ੍ਹੇ ਵੀ ਪੰਜਾਬ ਦੇ ਉਦਯੋਗਿਕ ਵਿਕਾਸ ਦੇ ਸਫ਼ਰ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਫਤਿਹਗੜ੍ਹ ਸਾਹਿਬ ਨੂੰ 1,265 ਕਰੋੜ ਰੁਪਏ, ਬਠਿੰਡਾ ਨੂੰ 1,248 ਕਰੋੜ ਰੁਪਏ, ਕਪੂਰਥਲਾ ਨੂੰ 1,037 ਕਰੋੜ ਰੁਪਏ ਅਤੇ ਜਲੰਧਰ ਨੂੰ 1,003 ਕਰੋੜ ਰੁਪਏ ਦੇ ਪ੍ਰਸਤਾਵ ਪ੍ਰਾਪਤ ਹੋਏ।" ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਪੰਜਾਬ ਵਿੱਚ ਦੋ ਵੱਡੇ ਸਨਅਤੀ ਪਾਰਕ ਪ੍ਰਾਜੈਕਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ‘ਚ ਲਗਾਤਾਰ ਵਾਧੇ, ਸਨਅਤੀ ਕਲੱਸਟਰਾਂ ਦਾ ਵਿਸਥਾਰ, ਵੱਡੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨਾਲੋਜੀ ਤੰਤਰ ਦੇ ਨਾਲ, ਪੰਜਾਬ ਦੇਸ਼ ਦੇ ਇੱਕ ਪ੍ਰਮੁੱਖ ਸਨਅਤੀ ਅਤੇ ਆਰਥਿਕ ਧੁਰੇ ਵਜੋਂ ਆਪਣੀ ਸਥਿਤੀ ਲਗਾਤਾਰ ਮਜ਼ਬੂਤ ਕਰ ਰਿਹਾ ਹੈ।”