ਵਿਅਕਤੀ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਰਾਜਿੰਦਰ ਹਸਪਤਾਲ, ਪਟਿਆਲਾ ਵਿਖੇ ਡਾਕਟਰੀ ਨਿਗਰਾਨੀ ਹੇਠ ਹੈ
ਪਤਨੀ ਦੀ ਸ਼ਿਕਾਇਤ 'ਤੇ ਪਹਿਲਾਂ ਹੀ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ; ਡੂੰਘਾਈ ਨਾਲ ਅਤੇ ਨਿਰਪੱਖ ਜਾਂਚ ਜਾਰੀ ਹੈ: ਐਸ.ਐਸ.ਪੀ. ਡਾ. ਰਵਜੋਤ ਗਰੇਵਾਲ
ਸੰਗਰੂਰ : ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਬਾਹਰ ਖ਼ੁਦਕੁਸ਼ੀ ਦੀ ਕੋਸ਼ਿਸ਼ ਸਬੰਧੀ ਤੱਥ ਸਪੱਸ਼ਟ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.), ਸੰਗਰੂਰ, ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਵਿਅਕਤੀ ਆਦਤਨ ਅਪਰਾਧੀ ਹੈ ਜਿਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਮੌਜੂਦਾ ਸਮੇਂ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਉਸ ਵਿਰੁੱਧ ਨੌਂ ਅਪਰਾਧਿਕ ਮਾਮਲੇ ਦਰਜ ਹਨ। ਉਕਤ ਵਿਅਕਤੀ, ਜਿਸ ਦੀ ਪਛਾਣ ਜੱਗਾ ਸਿੰਘ ਉਰਫ਼ ਜੋਗਾ ਉਰਫ਼ ਜਗਸੀਰ ਸਿੰਘ ਨਿਵਾਸੀ ਪਿੰਡ ਨਮੋਲ, ਥਾਣਾ ਚੀਮਾ, ਸੰਗਰੂਰ ਵਜੋਂ ਹੋਈ ਹੈ, ਨੇ ਐਤਵਾਰ ਸ਼ਾਮ ਲਗਭਗ 5:30 ਵਜੇ ਡੀ.ਸੀ. ਦਫ਼ਤਰ, ਸੰਗਰੂਰ ਦੇ ਬਾਹਰ ਕਥਿਤ ਤੌਰ 'ਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਫੌਰਨ ਸਿਵਲ ਹਸਪਤਾਲ, ਸੰਗਰੂਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਰਾਜਿੰਦਰ ਹਸਪਤਾਲ, ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਉਸ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਉਹ ਡਾਕਟਰੀ ਨਿਗਰਾਨੀ ਹੇਠ ਹੈ। ਇਸ ਤੋਂ ਇਲਾਵਾ, ਉਸ ਦੀ ਪਤਨੀ ਮਨਪ੍ਰੀਤ ਕੌਰ ਦੀ ਸ਼ਿਕਾਇਤ ਅਤੇ ਮੈਡੀਕੋ-ਲੀਗਲ ਰਿਪੋਰਟ (ਐਮਐਲਆਰ) ਦੇ ਆਧਾਰ 'ਤੇ, ਜਿਸ ਵਿੱਚ ਕਥਿਤ ਕੁੱਟਮਾਰ ਅਤੇ ਤੋੜ-ਫੋੜ ਦਾ ਦੋਸ਼ ਲਗਾਇਆ ਗਿਆ ਸੀ, ਸੰਗਰੂਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਕੀਤੀ ਅਤੇ ਤੁਰੰਤ ਥਾਣਾ ਚੀਮਾ ਵਿਖੇ ਸੁਖਬੀਰ ਸਿੰਘ ਉਰਫ਼ ਸੁੱਖੀ, ਸਬਰ ਮਿਸਤਰੀ, ਅਮਨ ਸਿੰਘ, ਮੁਕਾਰਤੀ ਸਿੰਘ ਅਤੇ ਹੋਰਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 115(2), 126(2), 324(4), 331(6), 190 ਅਤੇ 191(3) ਤਹਿਤ ਮਿਤੀ 20-09-2026 ਨੂੰ ਐਫ.ਆਈ.ਆਰ. ਨੰ. 125 ਦਰਜ ਕੀਤੀ। ਐਸ.ਐਸ.ਪੀ. ਨੇ ਕਿਹਾ, "ਪੰਚਾਇਤ ਵੱਲੋਂ ਮਿਲੀ ਸ਼ਿਕਾਇਤ ਅਨੁਸਾਰ, ਜੱਗਾ ਸਿੰਘ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਲਈ ਸਿਆਸੀ ਤੌਰ 'ਤੇ ਉਕਸਾਇਆ ਗਿਆ ਸੀ ਅਤੇ ਪੁਲਿਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ। ਪਿੰਡ ਵਾਸੀਆਂ ਅਤੇ ਪੰਚਾਇਤ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਪੁਲਿਸ ਅਤੇ ਸਥਾਨਕ ਪੰਚਾਇਤ 'ਤੇ ਦਬਾਅ ਪਾਉਣ ਲਈ ਜੱਗਾ ਸਿੰਘ ਨੂੰ ਇੱਕ ਸਿਆਸੀ ਸਾਜ਼ਿਸ਼ ਦੇ ਹਿੱਸੇ ਵਜੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਲਈ ਉਕਸਾਇਆ ਗਿਆ ਸੀ। ਸਥਾਨਕ ਪੰਚਾਇਤ ਨੇ ਉਸ 'ਤੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਵੀ ਲਗਾਇਆ ਹੈ।" ਜਨਤਾ ਨੂੰ ਨਿਰਪੱਖ, ਪਾਰਦਰਸ਼ੀ ਅਤੇ ਤੁਰੰਤ ਜਾਂਚ ਦਾ ਭਰੋਸਾ ਦਿਵਾਉਂਦਿਆਂ ਐਸ.ਐਸ.ਪੀ. ਡਾ. ਰਵਜੋਤ ਗਰੇਵਾਲ ਨੇ ਕਿਹਾ, "ਸੰਗਰੂਰ ਪੁਲਿਸ ਕਾਨੂੰਨ ਦੇ ਸ਼ਾਸਨ ਨੂੰ ਬਣਾਏ ਰੱਖਣ ਅਤੇ ਤੱਥਾਂ ਦੇ ਆਧਾਰ 'ਤੇ ਸਖ਼ਤੀ ਨਾਲ ਇਨਸਾਫ਼ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।"