ਸੁਨਾਮ : ਭਾਜਪਾ ਆਗੂ ਦਾਮਨ ਬਾਜਵਾ ਨੇ ਆਖਿਆ ਕਿ ਪਿੰਡ ਸ਼ੇਰੋਂ ਵਿਖੇ ਮੋਹਨਜੀਤ ਸਿੰਘ ਨਾਲ ਵਾਪਰੀ ਕਥਿਤ ਪੁਲਿਸੀਆ ਤਸੱਦਦ ਦੇ ਮਾਮਲੇ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਸ਼ੇਰੋਂ ਨੂੰ ਸਿਆਸੀ ਆਕਾਵਾਂ ਦੇ ਇਸ਼ਾਰੇ ’ਤੇ ਪੁਲਿਸ ਵੱਲੋਂ ਘਸੀਟ ਕੇ ਲਿਜਾਣ ਤੋਂ ਲੈ ਕੇ ਉਸ ਨਾਲ ਕੀਤੇ ਗਏ ਕਥਿਤ ਤਸ਼ੱਦਦ ਤੱਕ, ਪੂਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਨੂੰ ਵੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਦਾਮਨ ਬਾਜਵਾ ਨੇ ਕਿਹਾ ਕਿ ਦੋਵੇਂ ਅਰਜ਼ੀਆਂ ਮੋਹਨਜੀਤ ਸਿੰਘ ਸ਼ੇਰੋਂ ਖੁਦ ਸ਼ਿਕਾਇਤਕਰਤਾ ਵਜੋਂ ਦੇ ਰਹੇ ਹਨ, ਤਾਂ ਜੋ ਮਾਮਲੇ ਦੀ ਸਿੱਧੀ ਅਤੇ ਨਿਰਪੱਖ ਸੁਣਵਾਈ ਹੋ ਸਕੇ।
ਉਨ੍ਹਾਂ ਕਿਹਾ, “ਅਸੀਂ ਮੋਹਨਜੀਤ ਸਿੰਘ ਸ਼ੇਰੋਂ ਨੂੰ ਇਨਸਾਫ਼ ਮਿਲਣ ਤੱਕ ਅੰਤ ਤੱਕ ਲੜਾਂਗੇ। ਤੇ ਹਾਂ—ਅਸੀਂ ਸਵਾਲ ਪੁੱਛਣੇ ਜਾਰੀ ਰੱਖਾਂਗੇ, ਕਿਉਂਕਿ ਸਵਾਲ ਪੁੱਛਣਾ ਕੋਈ ਜੁਰਮ ਨਹੀਂ।”
ਦਾਮਨ ਬਾਜਵਾ ਨੇ ਕਿਹਾ ਕਿ ਇਹ ਲੜਾਈ ਉਸ ਬੇਰਹਿਮ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਸਦੇ ਉਨ੍ਹਾਂ ਸੰਦਾਂ ਵਿਰੁੱਧ ਵੀ ਹੈ, ਜੋ ਤਾਕਤ ਅਤੇ ਪੁਲਿਸੀਆ ਜ਼ੋਰ ਦੇ ਸਹਾਰੇ ਹਰ ਆਮ ਨਾਗਰਿਕ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ। ਲੋਕਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ—ਅਸੀਂ ਇਹ ਲੜਾਈ ਅੰਤ ਤੱਕ ਲੜਾਂਗੇ।