ਸੰਗਰੂਰ :ਸੜਕ ਹਾਦਸਿਆਂ ਨੂੰ ਰੋਕਣ, ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸੰਗਰੂਰ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ। ਟਰੈਫਿਕ ਇੰਚਾਰਜ ਐੱਸ.ਆਈ. ਪਵਨ ਕੁਮਾਰ ਦੀ ਅਗਵਾਈ ਹੇਠ ਬਰਨਾਲਾ ਰੋਡ ’ਤੇ ਸਥਿਤ ਕੂਨਰਾਂ ਪੁਆਇੰਟ ਵਿਖੇ ਵਿਸ਼ੇਸ਼ ਨਾਕੇਬੰਦੀ ਕਰਕੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਵਿਸ਼ੇਸ਼ ਚੈਕਿੰਗ ਅਭਿਆਨ ਦੌਰਾਨ ਪੁਲਿਸ ਟੀਮ ਵੱਲੋਂ ਖ਼ਾਸ ਤੌਰ ’ਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਵਾਲੇ ਚਾਲਕਾਂ ’ਤੇ ਨਜ਼ਰ ਰੱਖੀ ਗਈ। ਜਾਂਚ ਦੌਰਾਨ ਨਿਰਧਾਰਤ ਗਤੀ ਸੀਮਾ ਤੋਂ ਵੱਧ ਰਫ਼ਤਾਰ ਨਾਲ ਵਾਹਨ ਚਲਾਉਣ ਵਾਲੇ ਕਰੀਬ 30 ਵਾਹਨ ਚਾਲਕਾਂ ਦੇ ਮੌਕੇ ’ਤੇ ਹੀ ਚਲਾਨ ਕੱਟੇ ਗਏ। ਟਰੈਫਿਕ ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕ ’ਤੇ ਵਾਹਨ ਚਲਾਉਂਦੇ ਸਮੇਂ ਲਾਪਰਵਾਹੀ ਤੋਂ ਬਚਣ ਲਈ ਵੀ ਜਾਗਰੂਕ ਕੀਤਾ ਗਿਆ। ਟਰੈਫਿਕ ਪੁਲਿਸ ਅਨੁਸਾਰ ਤੇਜ਼ ਰਫ਼ਤਾਰ ਸੜਕ ਹਾਦਸਿਆਂ ਦਾ ਇੱਕ ਪ੍ਰਮੁੱਖ ਕਾਰਨ ਹੈ। ਓਵਰ-ਸਪੀਡਿੰਗ ਕਾਰਨ ਵਾਹਨ ’ਤੇ ਕੰਟਰੋਲ ਘਟਣ ਦੇ ਨਾਲ-ਨਾਲ ਹਾਦਸੇ ਦੀ ਸਥਿਤੀ ਵਿੱਚ ਜਾਨੀ ਨੁਕਸਾਨ ਦਾ ਖ਼ਤਰਾ ਵੀ ਕਾਫ਼ੀ ਵੱਧ ਜਾਂਦਾ ਹੈ। ਇਸ ਲਈ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ’ਤੇ ਜਲਦੀ ਪਹੁੰਚਣ ਨਾਲੋਂ ਆਪਣੀ ਅਤੇ ਸੜਕ ’ਤੇ ਚੱਲ ਰਹੇ ਹੋਰ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ। ਟਰੈਫਿਕ ਇੰਚਾਰਜ ਨੇ ਕਿਹਾ ਕਿ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟਰੈਫਿਕ ਪੁਲਿਸ ਵੱਲੋਂ ਅਜਿਹੇ ਚੈਕਿੰਗ ਅਭਿਆਨ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰੱਖੇ ਜਾਣਗੇ। ਖ਼ਾਸ ਤੌਰ ’ਤੇ ਓਵਰ-ਸਪੀਡਿੰਗ, ਲਾਪਰਵਾਹੀ ਨਾਲ ਡਰਾਈਵਿੰਗ ਅਤੇ ਹੋਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਚੈਕਿੰਗ ਅਤੇ ਨਾਕੇਬੰਦੀ ਅਭਿਆਨ ਦੌਰਾਨ ਟਰੈਫਿਕ ਇੰਚਾਰਜ ਪਵਨ ਕੁਮਾਰ ਦੇ ਨਾਲ ਏ.ਐਸ.ਆਈ. ਰਾਮ ਪ੍ਰਤਾਪ, ਹੈੱਡ ਕਾਂਸਟੇਬਲ ਪ੍ਰਗਟ ਸਿੰਘ ਅਤੇ ਹੈੱਡ ਕਾਂਸਟੇਬਲ ਸੁਖਦੀਪ ਕੌਰ ਵੀ ਹਾਜ਼ਰ ਸਨ। ਟਰੈਫਿਕ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਦੇ ਨਾਲ-ਨਾਲ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਵੀ ਕੀਤਾ ਗਿਆ।