ਅੰਮ੍ਰਿਤਸਰ : ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਦੋਸ਼ ਲਗਾਇਆ ਕਿ ਪੰਜਾਬ ਅਤੇ ਦਿੱਲੀ ਦੀ ਰਾਜਨੀਤਿਕ ਪਾਰਟੀਆਂ ਨੇ ‘ਸਾਚਾ ਗੁਰੂ ਲਾਧੋ ਰੇ’ ਦਿਵਸ ਦੀ ਪਵਿੱਤਰ ਭਾਵਨਾ ਤੇ ਵੱਡੀ ਸੱਟ ਮਾਰੀ ਹੈ ।ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਪ੍ਰੋ ਬਲਜਿੰਦਰ ਸਿੰਘ,ਮਹਾਬੀਰ ਸਿੰਘ ਸੁਲਤਾਨਵਿੰਡ ,ਬਾਪੂ ਗੁਰਚਰਨ ਸਿੰਘ ਅਤੇ ਡਾ ਸੁਖਦੇਵ ਸਿੰਘ ਬਾਬਾ ਨੇ ਕਿਹਾ ਸਿੱਖ ਇਤਿਹਾਸ ਮੁਤਾਬਕ 22 ਨਕਲੀ ਬਾਬਿਆਂ ਨੇ ਮੰਜੀਆਂ ਢਾਹ ਕੇ ਅਸਲੀ ਗੁਰੂ ਬਨਣ ਦਾ ਨਾਟਕ ਕੀਤਾ ਸੀ ਪਰ ਭਾਈ ਮੱਖਣ ਸ਼ਾਹ ਜੀ ਲੁਭਾਣਾ ਨੇ ਸਾਚਾ ਗੁਰੂ ਲਾਧੋ ਰੇ ਦਾ ਇਤਿਹਾਸ ਸਿਰਜਿਆ ।ਪਰ ਅਫਸੋਸ ਦਿੱਲੀ ਦੀ ਮਨੂਵਾਦੀ ਸੋਚ ਦੇ ਗੁਲਾਮ ਅਕਾਲੀ ਦਲਾਂ ਅਤੇ 1984 ਦੀ ਮੁਜਰਮ ਕਾਂਗਰਸ ਨੇ ਆਪਸੀ ਇਲਜ਼ਾਮ ਬਾਜ਼ੀ ਦੇ ਤਾਣੇ ਵਿੱਚ ਪੰਜਾਬ ਵਾਸੀਆਂ ਨੂੰ ਉਲਝਾ ਕੇ ਅਸਲੀ ਮੁੱਦਿਆਂ ਤੋਂ ਧਿਆਨ ਭਟਕਾ ਦਿੱਤਾ ਹੈ ।ਕਮੇਟੀ ਆਗੂਆਂ ਨੇ ਸਪੱਸ਼ਟ ਕੀਤਾ ‘ਗੁਰੂ ਲਾਧੋ ਰੇ’ਦਿਵਸ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਸਿੱਖਾਂ ਨੂੰ ਆਪਣੀ ਰੂਹਾਨੀ ਅਤੇ ਰਾਜਸੀ ਦਿਸ਼ਾ ਬਖਸ਼ਣ ਵਾਲਾ ਸੱਚਾ ਪਾਤਸ਼ਾਹ ਹੈ ਨਾ ਕਿ ਝੂਠ ਦੀ ਬੁਨਿਆਦ ਅਤੇ ਸਮਾਜ ਦਾ ਸ਼ੋਸ਼ਣ ਕਰਨ ਵਾਲੀਆਂ ਸਿਆਸੀ ਪਾਰਟੀਆਂ। ਪ੍ਰੌ ਬਲਜਿੰਦਰ ਸਿੰਘ ਨੇ ਦੋਸ਼ ਲਗਾਇਆ ਸਾਰੀਆਂ ਸਿਆਸੀ ਪਾਰਟੀਆਂ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਡੇਰਾ ਵਾਦ ਨੂੰ ਨਕਲੀ 22 ਮੰਜੀਆਂ ਵਾਗ ਉਤਸਾਹਿਤ ਕਰ ਰਹੀਆਂ ਹਨ। ਪਰ ਇਹ ਪੰਜਾਬ ਦੀ ਤ੍ਰਾਸਦੀ ਹੈ ਕਿ ਅੱਜ ਜਦੋਂ ਪੰਥ ਨੂੰ "ਗੁਰੂ ਲਾਧੋ ਰੇ" ਦਾ ਮਹਾਨ ਸਿਧਾਂਤ ਆਪਣੇ ਹਿਰਦਿਆਂ ਵਿੱਚ ਵਸਾ ਕੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਉੱਦਮ ਕਰਨੇ ਚਾਹੀਦੇ ਸਨ, ਉਸ ਵੇਲੇ ਸੂਬੇ ਦੀਆਂ ਅਖੌਤੀ ਪੰਥਕ ਅਤੇ ਸਿਆਸੀ ਧਿਰਾਂ ਦਿੱਲੀ ਦੇ ਦਰਬਾਰ ਵੱਲ ਮੂੰਹ ਕਰਕੇ, ਆਪਣੇ ਨਿੱਜੀ ਮੁਫਾਦਾਂ ਲਈ ਬ੍ਰਾਹਮਣਵਾਦੀ ਤਾਕਤਾਂ ਵਿੱਚੋਂ ਆਪਣਾ ਤਾਰਨਹਾਰ ਲੱਭ ਰਹੀਆਂ ਹਨ । 'ਸਾਚਾ ਗੁਰੂ ਲਾਧੋ ਰੇ' ਦਿਵਸ ਅਨੁਸਾਰ ਜੇ ਗੁਰੂ ਲੱਭਿਆ ਹੋਇਆ ਹੈ, ਤਾਂ ਪੰਥ ਅਤੇ ਪੰਜਾਬ ਨੂੰ ਆਪਣਾ ਰਾਹ ਕਿਸੇ ਹਿੰਦੂਤਵੀ ਜਾਂ ਦਿੱਲੀ-ਪ੍ਰਸਤ ਸਿਆਸੀ ਮਾਲਕ ਕੋਲੋਂ ਕਿਉਂ ਪੁੱਛਣਾ ਪੈ ਰਿਹਾ ਹੈ ? ਕੀ ਦਿੱਲੀ ਤੋਂ ਆਈਆਂ ਪਾਰਟੀਆਂ ਵੱਲੋਂ ਪੰਥ ਅਤੇ ਪੰਜਾਬ ਨਾਲ ਕੀਤੇ ਗਏ ਵਿਸਾਹਘਾਤ ਸਾਨੂੰ ਦਿਖਾਈ ਨਹੀਂ ਦੇ ਰਹੇ ? । ਸਾਨੂੰ ਆਪਣੀ ਮੁਕਤੀ ਦਾ ਮਾਰਗ ਬਾਹਰੋਂ ਤਲਾਸ਼ਣ ਦੀ ਕੋਈ ਲੋੜ ਨਹੀਂ, ਕਿਉਂਕਿ ਗੁਰੂ ਲੱਭਿਆ ਹੋਇਆ ਹੈ ਅਤੇ ਰਾਹ ਦਿੱਤਾ ਹੋਇਆ ਹੈ । "ਗੁਰੂ ਲਾਧੋ ਰੇ" ਦਿਵਸ ਦਾ ਅਸਲ ਪੰਥਕ ਸੁਨੇਹਾ ਵੀ ਇਹੀ ਹੈ ।