ਬੰਗਾ : ਬੰਗਾ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ਾਂ ਦੇ ਇਲਾਜ ਲਈ ਇਲਾਕੇ ਦਾ ਪ੍ਰਮੁੱਖ ਸਿਹਤ ਕੇਂਦਰ ਬਣਦਾ ਜਾ ਰਿਹਾ ਹੈ। ਹਸਪਤਾਲ ਵਿੱਚ ਪਿਛਲੇ ਵੀਹ ਦਿਨਾਂ ਦੌਰਾਨ ਜ਼ਹਿਰੀਲੇ ਸੱਪਾਂ ਦੇ ਡੱਸੇ ਦਰਜਨ ਤੋਂ ਵੱਧ ਮਰੀਜ਼ਾਂ ਦਾ ਸਮੇਂ ਸਿਰ ਐਂਟੀ-ਸਨੇਕ ਵੇਨਮ (ਸੱਪ ਦੇ ਜ਼ਹਿਰ ਦਾ ਐਂਟੀਡੋਟ) ਅਤੇ ਵੈਂਟੀਲੇਟਰ ਦੀ ਸਹਾਇਤਾ ਨਾਲ ਸਫਲਤਾਪੂਰਵਕ ਇਲਾਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੁੱਖ ਪ੍ਰਬੰਧਕ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਦੱਸਿਆ ਕਿ ਹਸਪਤਾਲ ਵਿਖੇ ਸੱਪ ਦੇ ਡੰਗੇ ਮਰੀਜ਼ਾਂ ਦਾ ਇਲਾਜ ਮਿਆਰੀ ਅਤੇ ਆਧੁਨਿਕ ਮੈਡੀਕਲ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਪ ਡੱਸਣ ਦੇ ਮਾਮਲਿਆਂ ਵਿੱਚ ਸਮੇਂ ਸਿਰ ਹਸਪਤਾਲ ਪਹੁੰਚਣਾ ਅਤੇ ਤੁਰੰਤ ਡਾਕਟਰੀ ਇਲਾਜ ਸ਼ੁਰੂ ਹੋਣਾ ਮਰੀਜ਼ ਦੀ ਜਾਨ ਬਚਾਉਣ ਲਈ ਬੇਹੱਦ ਮਹੱਤਵਪੂਰਨ ਹੈ । ਜਿਸ ਦੀ ਤਾਜ਼ਾ ਮਿਸਾਲ ਹੈ ਕਿ ਬੀਤੇ ਦਿਨੀਂ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ, ਐਮ.ਡੀ. ਮੈਡੀਸਨ ਕੋਲ ਮਰੀਜ਼ ਸੈਮਸਲ ਆਲਮ ਉਮਰ 24 ਸਾਲ ਆਇਆ, ਜਿਸ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ । ਸੱਪ ਦੇ ਡੱਸਣ ਤੋਂ ਬਾਅਦ ਉਸ ਨੂੰ ਪੇਟ ਦਰਦ, ਉਲਟੀ, ਅੱਖਾਂ ਦਾ ਆਪਮੁਹਾਰੇ ਬੰਦ ਹੋਣਾ (ਟੌਸਿਸ) ਅਤੇ ਸਾਹ ਲੈਣ ਵਿੱਚ ਮੁਸ਼ਕਿਲ ਵਰਗੇ ਗੰਭੀਰ ਲੱਛਣਾਂ ਨੇ ਘੇਰ ਲਿਆ ਸੀ । ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੇ ਸਾਥੀਆਂ ਨੇ ਬਿਨਾਂ ਦੇਰੀ ਕੀਤੇ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਪਹੁੰਚਾਇਆ । ਮਰੀਜ਼ ਦੇ ਪਰਿਵਾਰਜਨਾਂ ਨੇ ਵਧੀਆ ਇਲਾਜ ਕਰਨ ਲਈ ਡਾ. ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰ ਸਾਹਿਬਾਨ, ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ ।