ਦੇਵੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੇਡ ਮੈਦਾਨਾਂ ਨਾਲ ਜੋੜਨ ਲਈ ਇਤਿਹਾਸਕ ਕਦਮ ਚੁੱਕੇ ਜਾ ਰਹੇ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਨੇ ਭੁਨਰਹੇੜੀ ਵਿਖੇ ਖੇਡ ਮੈਦਾਨ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਹਡਾਣਾ ਵਲੋਂ ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਉਨ੍ਹਾਂ ਨਾਲ ਬਲਦੇਵ ਸਿੰਘ ਦੇਵੀਗੜ ਚੇਅਰਮੈਨ, ਚਰਨਜੀਤ ਸਿੰਘ ਨੈਣਾ ਚੇਅਰਮੈਨ, ਉਪ ਚੇਅਰਮੈਨ ਸਿਮਰਜੀਤ ਸਿੰਘ ਸੋਹਲ, ਉਪ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ, ਬੀਡੀਪੀਓ ਸੰਦੀਪ ਸਿੰਘ, ਚਰਨਜੀਤ ਸਿੰਘ ਬਾਜਵਾ ਸਮੇਤ ਹੋਰ ਪੰਚਾਇਤੀ ਨੁਮਾਇੰਦੇ ਖੇਡ ਪ੍ਰੇਮੀ ਅਤੇ ਨੇੜਲੇ ਪਿੰਡ ਵਾਸੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਦੇਧਨਾ ਤੋਂ ਸੂਬੇ ਭਰ ਦੇ 509 ਨਵੇਂ ਆਧੁਨਿਕ ਪੇਂਡੂ ਖੇਡ ਮੈਦਾਨਾਂ ਨੂੰ ਲੋਕਾਂ ਨੂੰ ਸਮਰਪਿਤ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੇ 255 ਖੇਡ ਮੈਦਾਨਾਂ ਸਮੇਤ ਹੁਣ ਤੱਕ ਕੁੱਲ 734 ਆਧੁਨਿਕ ਖੇਡ ਮੈਦਾਨ ਨੌਜਵਾਨਾਂ ਨੂੰ ਸੌਂਪੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਪਟਿਆਲਾ ਜ਼ਿਲ੍ਹੇ ਦੇ 34 ਪੇਂਡੂ ਖੇਡ ਮੈਦਾਨ ਵੀ ਸ਼ਾਮਲ ਹਨ। ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਾਨ ਸਰਕਾਰ ਵਲੋਂ 1,744 ਕਰੋੜ ਰੁਪਏ ਦਾ ਵਿਸ਼ੇਸ਼ ਖੇਡ ਬਜਟ ਰੱਖਿਆ ਗਿਆ ਹੈ, ਜਿਸ ਵਿੱਚੋਂ 1,500 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਭਰ ਵਿੱਚ 3,100 ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 'ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ' ਦਾ ਸੁਨੇਹਾ ਲੈ ਕੇ ਹਲਕਾ ਸਨੌਰ ਦੇ ਹਰੇਕ ਪਿੰਡ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਇੱਥੋਂ ਦੇ ਹੋਣਹਾਰ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪੰਜਾਬ ਦਾ ਨਾਂ ਰੌਸ਼ਨ ਕਰ ਸਕਣ।