ਪੀਆਈਐਲਬੀਐਸ ਮੋਹਾਲੀ ਸੂਬੇ ਭਰ ਵਿੱਚ ਲਿਵਰ ਟਰਾਂਸਪਲਾਂਟ ਸੇਵਾਵਾਂ ਦੇ ਹੱਬ ਵਜੋਂ ਉਭਰੇਗਾ: ਡਾ. ਬਲਬੀਰ ਸਿੰਘ
ਮੋਹਾਲੀ ਅਤੇ ਪਟਿਆਲਾ ਵਿਖੇ ਜਲਦ ਹੀ ਕਿਡਨੀ ਟ੍ਰਾਂਸਪਲਾਂਟ ਸੇਵਾਵਾਂ ਸ਼ੁਰੂ ਹੋਣਗੀਆਂ: ਡਾ. ਬਲਬੀਰ ਸਿੰਘ
ਭਗਵੰਤ ਮਾਨ ਸਰਕਾਰ ਲੋਕਾਂ ਤੱਕ ਉੱਨਤ ਸੁਪਰ-ਸਪੈਸ਼ਲਿਟੀ ਸਿਹਤ ਸੰਭਾਲ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ: ਡਾ. ਬਲਬੀਰ ਸਿੰਘ
ਮੋਹਾਲੀ : ਪੰਜਾਬ ਦੀ ਸਰਕਾਰੀ ਸੁਪਰ-ਸਪੈਸ਼ਲਿਟੀ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀਆਈਐਲਬੀਐਸ), ਮੋਹਾਲੀ ਵਿਖੇ ਇੱਕ ਹਫ਼ਤੇ ਵਿੱਚ ਤਿੰਨ ਸਫ਼ਲ ਲਿਵਰ ਟ੍ਰਾਂਸਪਲਾਂਟ ਸਰਜਰੀਆਂ ਕਰਕੇ ਪੰਜਾਬ ਨੇ ਉੱਨਤ ਸਿਹਤ ਸੰਭਾਲ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਕਰ ਲਿਆ ਹੈ। ਇਹ ਪ੍ਰਾਪਤੀ ਸੂਬੇ ਦੇ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ਵਿੱਚ ਉੱਨਤ ਟ੍ਰਾਂਸਪਲਾਂਟ ਸੇਵਾਵਾਂ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਵੱਡਾ ਕਦਮ ਹੈ। ਪੀਆਈਐਲਬੀਐਸ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ, ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਉਚੇਰੀ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, "ਇੱਕ ਹਫ਼ਤੇ ਵਿੱਚ ਤਿੰਨ ਸਫ਼ਲ ਲਿਵਰ ਟ੍ਰਾਂਸਪਲਾਂਟ ਸਰਜਰੀਆਂ ਕਰਨਾ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ ਅਤੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸਰਕਾਰੀ ਸੰਸਥਾਵਾਂ ਰਾਹੀਂ ਲੋਕਾਂ ਲਈ ਆਧੁਨਿਕ ਸੁਪਰ-ਸਪੈਸ਼ਲਿਟੀ ਸਿਹਤ ਸੰਭਾਲ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।" ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਤਿੰਨ ਟ੍ਰਾਂਸਪਲਾਂਟ ਕੇਸਾਂ ਵਿੱਚ ਪਰਿਵਾਰਕ ਸਾਂਝ ਅਤੇ ਕੁਰਬਾਨੀ ਦੀਆਂ ਭਾਵਨਾਤਮਕ ਕਹਾਣੀਆਂ ਵੀ ਦੇਖਣ ਨੂੰ ਮਿਲੀਆਂ। ਇਨ੍ਹਾਂ ਕੇਸਾਂ ਵਿੱਚ, ਇੱਕ ਪਤਨੀ ਨੇ ਆਪਣੇ ਪਤੀ ਨੂੰ, ਇੱਕ ਮਾਂ ਨੇ ਆਪਣੀ ਧੀ ਨੂੰ, ਜਦੋਂ ਕਿ ਇੱਕ ਪੁੱਤਰ ਨੇ ਆਪਣੇ ਪਿਤਾ ਨੂੰ ਆਪਣੇ ਲਿਵਰ ਦਾ ਇੱਕ ਹਿੱਸਾ ਦਾਨ ਕੀਤਾ। ਮੰਤਰੀ ਨੇ ਕਿਹਾ "ਇਹ ਕੇਸ ਸਿਰਫ਼ ਡਾਕਟਰੀ ਸਫਲਤਾ ਦੀਆਂ ਕਹਾਣੀਆਂ ਹੀ ਨਹੀਂ, ਸਗੋਂ ਪਿਆਰ, ਕੁਰਬਾਨੀ ਅਤੇ ਪਰਿਵਾਰਕ ਤੰਦਾਂ ਦੀ ਮਜ਼ਬੂਤੀ ਦੀਆਂ ਕਹਾਣੀਆਂ ਵੀ ਬਿਆਨ ਕਰਦੇ ਹਨ। ਅਜਿਹੇ ਨਿਰਸਵਾਰਥ ਕਾਰਜ ਪਰਿਵਾਰਕ ਤੰਦਾਂ ਦੀ ਮਜ਼ਬੂਤੀ ਨੂੰ ਦਰਸਾਉਂਦੇ ਹਨ ਅਤੇ ਲਿਵਰ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਨਵੀਂ ਉਮੀਦ ਅਤੇ ਜੀਵਨ ਦਿੰਦੇ ਹਨ। ਉਨ੍ਹਾਂ ਕਿਹਾ, "ਭਵਿੱਖ ਵਿੱਚ 170 ਬੈੱਡ ਸ਼ਾਮਲ ਕਰਕੇ ਪੀਆਈਐਲਬੀਐਸ ਦੀ ਸਮਰੱਥਾ ਹੋਰ ਮਜ਼ਬੂਤ ਕੀਤਾ ਜਾਵੇਗਾ, ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਮਰੀਜ਼ਾਂ ਨੂੰ ਸੂਬੇ ਤੋਂ ਬਾਹਰ ਦੀਆਂ ਸਹੂਲਤਾਂ 'ਤੇ ਨਿਰਭਰ ਨਾ ਹੋਣਾ ਪਵੇ ਅਤੇ ਉਨ੍ਹਾਂ ਇਹ ਸਹੂਲਤਾਂ ਸੂਬੇ ਅੰਦਰ ਹੀ ਦਿੱਤੀਆਂ ਜਾ ਸਕਣ।