ਸਿਹਤ ਮੰਤਰੀ ਨੇ ਐਮਰਜੈਂਸੀ ਬਲੱਡ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਖੂਨਦਾਨੀਆਂ ਦੀਆਂ ਸ਼ਹਿਰ-ਅਧਾਰਤ ਡਾਇਰੈਕਟਰੀਆਂ ਬਣਾਉਣ ’ਤੇ ਦਿੱਤਾ ਜੋਰ
ਚੰਡੀਗੜ੍ਹ ਵਿੱਚ ਸੂਬਾ-ਪੱਧਰੀ ਐਨਜੀਓ ਕਾਨਫਰੰਸ ਦੌਰਾਨ 69 ਸਵੈ-ਇੱਛਤ ਖੂਨਦਾਨ ਸੰਸਥਾਵਾਂ ਨੂੰ ਕੀਤਾ ਸਨਮਾਨਿਤ
ਚੰਡੀਗੜ੍ਹ : ਸਮਾਜ ਨੂੰ ਖੂਨ ਦਾਨ ਤੋਂ ਅਗਾਂਹ ਜਾ ਕੇ ਸਵੈ-ਇੱਛਾ ਨਾਲ ਅੰਗ-ਦਾਨ ਕਰਨ ਦੀ ਅਪੀਲ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲਿਆਂ ਅਤੇ ਨੌਜਵਾਨਾਂ ਨੂੰ ਅੱਗੇ ਆ ਕੇ ਅੰਗ ਦਾਨ ਲਈ ਅਹਿਦ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਜੇਕਰ ਦਿਮਾਗ ਦੇ ਕੰਮ ਕਰਨਾ ਬੰਦ ਕਰ ਦੇਣ ਦੀ ਸੂਰਤ ਵਿੱਚ ਅੰਗ ਦਾਨ ਕਰਨ ਨਾਲ ਗੰਭੀਰ ਰੂਪ ਵਿੱਚ ਬਿਮਾਰ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ (ਪੀਐਸਬੀਟੀਸੀ) ਵੱਲੋਂ ਇੱਥੇ ਮਿਊਂਸੀਪਲ ਭਵਨ ਵਿਖੇ ਕਰਵਾਈ ਸੂਬਾ-ਪੱਧਰੀ ਐਨਜੀਓ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਨੇ ਸਵੈ-ਇੱਛਤ ਸੰਗਠਨਾਂ ਅਤੇ ਸਮਾਜ ਸੇਵਕਾਂ ਨੂੰ ‘ਉਮੀਦ ਦੇ ਫ਼ਰਿਸ਼ਤੇ ਅਤੇ ਰੱਬ ਦੇ ਦੂਤ’ ਕਹਿ ਕੇ ਵਡਿਆਇਆ, ਜੋ ਜਿੰਦਗੀ ਤੇ ਮੌਤ ਨਾਲ ਜੂਝ ਰਹੇ ਮਰੀਜ਼ਾਂ ਅਤੇ ਸਿਹਤ ਸੰਭਾਲ ਪ੍ਰਣਾਲੀ ਦਰਮਿਆਨ ਅਹਿਮ ਕੜੀ ਵਜੋਂ ਕੰਮ ਕਰਦੇ ਹਨ। ਕਾਨਫਰੰਸ ਦੌਰਾਨ ਡਾ. ਬਲਬੀਰ ਸਿੰਘ ਨੇ ਪੰਜਾਬ ਭਰ ਵਿੱਚ ਖੂਨਦਾਨ ਰਾਹੀਂ ਮਨੁੱਖਤਾ ਦੀ ਸੇਵਾ ਹਿਤ ਮਿਸਾਲੀ ਯੋਗਦਾਨ ਪਾ ਕੇ ਜ਼ਿਲਿ੍ਹਆਂ ਚੋਂ ਮੋਹਰੀ ਸਥਾਨ ਪ੍ਰਾਪਤ ਕਰਨ ਵਾਲੀਆਂ 69 ਸਵੈ-ਇੱਛਤ ਖੂਨਦਾਨ ਐਨਜੀਓਜ਼ ਨੂੰ ਸਨਮਾਨਿਤ ਵੀ ਕੀਤਾ। ਖੂਨ ਸੁਰੱਖਿਆ ਪ੍ਰੋਟੋਕੋਲ ਦੀ ਤਰੱਕੀ ਨੂੰ ਉਜਾਗਰ ਕਰਦਿਆਂ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ , ਨਿਊਕਲੀਕ ਐਸਿਡ ਟੈਸਟਿੰਗ (ਐਨਏਟੀ) ਅਤੇ ਕੈਮੀਲੂਮਿਨਿਸੈਂਸ ਇਮਯੂਨੋਏਸੇ (ਸੀਐਲਆਈਏ) ਸਮੇਤ ਉੱਨਤ ਟੈਸਟਿੰਗ ਤਕਨਾਲੋਜੀਆਂ ਨੂੰ ਅਪਣਾ ਕੇ ਆਪਣੀ ਖੂਨ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਤੋਂ ਇਲਾਵਾ, 13 ਜ਼ਿਲਿ੍ਹਆਂ ਵਿੱਚ 17 ਬਲੱਡ ਕੇਂਦਰਾਂ ’ਤੇ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਹੁਤ ਜਲਦ ਬਾਕੀ ਸਾਰੇ ਜ਼ਿਲਿ੍ਹਆਂ ਵਿੱਚ ਵੀ ਉਪਲਬਧ ਕਰਵਾਉਣ ਯੋਜਨਾ ਹੈ। ਅੰਗ ਦਾਨ ਮਿਸ਼ਨ ਬਾਰੇ ਅੱਗੇ ਦੱਸਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਸਥਾਪਿਤ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.) ਨੇ ਸਰਕਾਰੀ ਖੇਤਰ ਵਿੱਚ 15 ਦਿਨਾਂ ਦੇ ਅੰਦਰ ਤਿੰਨ ਲਿਵਰ ਟ੍ਰਾਂਸਪਲਾਂਟ ਸਫਲਤਾਪੂਰਵਕ ਕੀਤੇ ਹਨ, ਜੋ ਕਿ ਬਾਜਾਰ ਦੀ ਕੀਮਤ ਨਾਲੋਂ ਇੱਕ ਤਿਹਾਈ ਖ਼ਰਚ ’ਤੇ ਕੀਤੇ ਗਏ ਹਨ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਗੁਰਦਿਆਂ ਦਾ ਟ੍ਰਾਂਸਪਲਾਂਟ ਵੀ ਸ਼ੁਰੂ ਹੋ ਜਾਵੇਗਾ।