ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਵੱਖ-ਵੱਖ ਸਟੋਰਾਂ ਲਈ ਖ਼ਰੀਦੇ ਜਾਣ ਵਾਲੇ ਸਮਾਨ ਦੀ ਮਾਤਰਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਿਗਮ ਦੀ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਤੇ ਚੁਸਤ-ਦਰੁਸਤ ਕੀਤਾ ਜਾ ਰਿਹਾ ਹੈ। ਮੇਅਰ ਕੁੰਦਨ ਗੋਗੀਆ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਫ਼ੰਡਾਂ ਨਾਲ ਖ਼ਰੀਦੇ ਜਾਣ ਵਾਲੇ ਹਰੇਕ ਸਮਾਨ ਦੀ ਗੁਣਵੱਤਾ ਅਤੇ ਮਾਤਰਾ ਦੀ ਨਿਰਪੱਖ ਜਾਂਚ ਹੋਣਾ ਲਾਜ਼ਮੀ ਹੈ, ਤਾਂ ਜੋ ਨਗਰ ਨਿਗਮ ਦੇ ਸਰੋਤਾਂ ਦੀ ਸੁਚੱਜੀ, ਯੋਗ ਅਤੇ ਪਾਰਦਰਸ਼ੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ। ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਨਗਰ ਨਿਗਮ ਦੇ ਹੈਲਥ ਸਟੋਰ, ਜਨਰਲ ਸਟੋਰ ਅਤੇ ਹੋਰ ਸਟੋਰਾਂ ਵੱਲੋਂ ਲੋੜ ਅਨੁਸਾਰ ਸਮਾਨ ਦੀ ਖ਼ਰੀਦ ਕੀਤੀ ਜਾਂਦੀ ਹੈ। ਮੇਅਰ ਨੇ ਆਖਿਆ ਕਿ ਇਸ ਨਵੀਂ ਵਿਵਸਥਾ ਨਾਲ ਖ਼ਰੀਦ ਪ੍ਰਕਿਰਿਆ ਵਿੱਚ ਮੁਕੰਮਲ ਜਵਾਬਦੇਹੀ ਆਵੇਗੀ, ਸਟੋਰਾਂ ਦਾ ਰਿਕਾਰਡ ਬਿਹਤਰ ਹੋਵੇਗਾ ਅਤੇ ਕਿਸੇ ਵੀ ਕਿਸਮ ਦੀ ਕਮੀ ਜਾਂ ਖ਼ਾਮੀ ਨੂੰ ਮੌਕੇ 'ਤੇ ਹੀ ਪਛਾਣ ਕੇ ਦਰੁਸਤ ਕੀਤਾ ਜਾ ਸਕੇਗਾ। ਉਨ੍ਹਾਂ ਦੁਹਰਾਇਆ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਸਰਕਾਰੀ ਪੈਸੇ ਦੀ ਪਾਈ-ਪਾਈ ਦਾ ਸਹੀ ਇਸਤੇਮਾਲ ਕਰਦਿਆਂ ਸ਼ਹਿਰ ਵਾਸੀਆਂ ਨੂੰ ਮਿਆਰੀ ਅਤੇ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਉਣਾ ਹੈ।