ਧੂਰੀ : ਧੂਰੀ ਵਿਖੇ ਕਰਵਾਏ ਗਏ ‘ਤੀਆਂ ਦੇ ਮੇਲੇ’ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਅੱਜ ‘ਸ਼ੇਰਨੀਆਂ’ ਬਣ ਕੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਸੂਬੇ ਦੀ ਤਰੱਕੀ ਪਿੱਛੇ ਮਜ਼ਬੂਤ ਸ਼ਕਤੀ ਵਜੋਂ ਉੱਭਰ ਰਹੀਆਂ ਹਨ। ਔਰਤਾਂ ਦੇ ਆਰਥਿਕ ਸ਼ਕਤੀਕਰਨ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਦੱਸਿਆ ਕਿ ’ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 75 ਲੱਖ ਤੋਂ ਵੱਧ ਔਰਤਾਂ ਨੂੰ ਹਰ ਮਹੀਨੇ 1,000-1,500 ਰੁਪਏ ਮਿਲ ਰਹੇ ਹਨ, ਜਦਕਿ 29,000 ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ 3 ਲੱਖ ਔਰਤਾਂ ਨੂੰ 631 ਕਰੋੜ ਰੁਪਏ ਦੇ ਵਿਆਜ-ਮੁਕਤ ਕਰਜ਼ਿਆਂ ਨਾਲ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਜਿੱਥੇ ਇੱਕ ਮਜ਼ਬੂਤ ਅਤੇ ’ਰੰਗਲਾ ਪੰਜਾਬ’ ਬਣਾਉਣ ਵਿੱਚ ਮਦਦ ਕਰ ਰਹੇ ਹਨ, ਉੱਥੇ ਹੀ ’ਤੀਆਂ ਦਾ ਮੇਲਾ’ ਵਰਗੇ ਜਸ਼ਨ ਪੰਜਾਬ ਦੀਆਂ ਅਮੀਰ ਲੋਕ ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਰੱਖ ਰਹੇ ਹਨ। ਇਸ ਮੌਕੇ ਦੇ ਕੁਝ ਪਲਾਂ ਨੂੰ ਐਕਸ ਹੈਂਡਲ ‘ਤੇ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, "ਅੱਜ ’ਤੀਆਂ’ ਦੇ ਤਿਉਹਾਰ ਮੌਕੇ ਮੈਂ ਧੂਰੀ ਵਿਖੇ ਮਾਵਾਂ-ਭੈਣਾਂ ਨਾਲ ਖ਼ੁਸ਼ੀ ਦੇ ਪਲ ਸਾਂਝੇ ਕੀਤੇ। ਮੈਨੂੰ ਇਹ ਦੱਸਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ 75.24 ਲੱਖ ਮਾਵਾਂ-ਭੈਣਾਂ ਨੂੰ ਸਨਮਾਨ ਰਾਸ਼ੀ ਮਿਲ ਚੁੱਕੀ ਹੈ ਅਤੇ ਬਾਕੀ ਰਹਿੰਦੀਆਂ ਭੈਣਾਂ ਨੂੰ ਵੀ ਰੱਖੜੀ ਦੇ ਤਿਉਹਾਰ ਮੌਕੇ ਜਲਦ ਇਹ ਤੋਹਫ਼ਾ ਮਿਲ ਜਾਵੇਗਾ। ਅੱਜ ਸਾਡੀਆਂ ਧੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਸਾਡੀ ਸਰਕਾਰ ਔਰਤਾਂ ਦਾ ਮਾਣ-ਸਤਿਕਾਰ ਯਕੀਨੀ ਬਣਾਉਣ ਅਤੇ ਹਰ ਘਰ-ਪਰਿਵਾਰ ‘ਤੇ ਜ਼ਿੰਮੇਵਾਰੀ ਦੇ ਬੋਝ ਘਟਾਉਣ ਲਈ ਲਗਾਤਾਰ ਵਚਨਬੱਧ ਹੈ।" ਸੈਫਰਨ ਪਾਮਜ਼, ਧੂਰੀ ਵਿਖੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨਾਲ ‘ਤੀਆਂ ਦੇ ਮੇਲੇ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪ੍ਰਸ਼ਾਸਨ, ਆਰਥਿਕਤਾ ਅਤੇ ਰਾਜਨੀਤੀ ਵਿੱਚ ਔਰਤਾਂ ਦੀ ਸਮੁੱਚੀ ਭਾਗੀਦਾਰੀ ਤੋਂ ਬਿਨਾਂ ਪੰਜਾਬ ਦੇਸ਼ ਵਿੱਚ ਮੋਹਰੀ ਨਹੀਂ ਬਣ ਸਕਦਾ। ਇਹ ਸਮੇਂ ਦੀ ਲੋੜ ਹੈ ਕਿ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਔਰਤਾਂ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰ ਬਣਨ।” ਉਨ੍ਹਾਂ ਅੱਗੇ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਅੱਜ ਲੜਕੀਆਂ ਸਾਰੇ ਖੇਤਰਾਂ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਨਵੀਆਂ ਉਚਾਈਆਂ ਛੂਹ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ‘ਤੀਆਂ ਦਾ ਮੇਲਾ’ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਲੋਕ ਪਰੰਪਰਾਵਾਂ ਅਤੇ ਲੋਕ ਗੀਤਾਂ ਨੂੰ ਸਮਰਪਿਤ ਵਿਸ਼ੇਸ਼ ਜਸ਼ਨ ਹੈ। ਉਨ੍ਹਾਂ ਅੱਗੇ ਕਿਹਾ, “ਤੀਆਂ ਪੰਜਾਬੀ ਸੱਭਿਆਚਾਰ ਵਿੱਚ ਖ਼ੁਸ਼ੀ, ਉਤਸ਼ਾਹ ਅਤੇ ਆਪਸੀ ਸਾਂਝ ਦਾ ਪ੍ਰਤੀਕ ਹਨ। ਇਹ ਤਿਉਹਾਰ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਰਵਾਇਤੀ ਰੀਤੀ-ਰਿਵਾਜਾਂ, ਲੋਕ ਪਰੰਪਰਾਵਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਯਤਨ ਹੈ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਮੁੱਖ ਤੌਰ ’ਤੇ ਪੰਜਾਬ ਦੀਆਂ ਧੀਆਂ, ਭੈਣਾਂ ਅਤੇ ਔਰਤਾਂ ਦੀ ਖ਼ੁਸ਼ੀ ਅਤੇ ਜਸ਼ਨਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ, “ਅਜਿਹੇ ਸੱਭਿਆਚਾਰਕ ਸਮਾਗਮ ਔਰਤਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਦੀ ਪਛਾਣ ਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਦੇ ਮੌਕੇ ਪ੍ਰਦਾਨ ਕਰਦੇ ਹਨ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਗੀਤਾਂ, ਬੋਲੀਆਂ ਅਤੇ ਲੋਕ ਸਾਹਿਤ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਡਾ. ਗੁਰਪ੍ਰੀਤ ਕੌਰ ਮਾਨ ਅਤੇ ਹੋਰ ਵੀ ਮੌਜੂਦ ਸਨ।