ਚੰਡੀਗੜ੍ : ਆਪ ਦੇ ਸੀਨੀਅਰ ਆਗੂ ਅਤੇ ਪੰਜਾਬ ਸਹਿ-ਪ੍ਰਭਾਰੀ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ‘ਈ.ਡੀ. ਪਾਰਟੀ’ (ਭਾਜਪਾ) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਲਈ ਇਕ ਵਾਰ ਫਿਰ ਆਪਣੇ ਪੁਰਾਣੇ ਜਮਹੂਰੀਅਤ ਵਿਰੋਧੀ ਹਥਕੰਡੇ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਭਾਜਪਾ ਦਾ ਪੰਜਾਬ ਵਿੱਚ ਕੋਈ ਸਿਆਸੀ ਆਧਾਰ ਨਹੀਂ ਹੈ, ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਬਦਨਾਮ ਕਰਨ, ਧਮਕਾਉਣ ਤੇ ਦਬਾਉਣ ਲਈ ਈ.ਡੀ. ਅਤੇ ਸੀ.ਬੀ.ਆਈ. ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਪਰ ਅਜਿਹੀ ਸਿਆਸੀ ਬਦਲਾਖੋਰੀ ‘ਆਪ ਸਰਕਾਰ ਨੂੰ ਆਮ ਲੋਕਾਂ ਲਈ ਕੰਮ ਕਰਨ ਤੋਂ ਨਹੀਂ ਰੋਕ ਸਕੇਗੀ। ਭਾਜਪਾ ਵੱਲੋਂ ਆਪਣੀ ਸਰਕਾਰ `ਤੇ ਕੀਤੇ ਜਾ ਰਹੇ ਹਮਲਿਆਂ `ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਤੋਂ ਇਮਾਨਦਾਰੀ, ਦੇਸ਼ ਭਗਤੀ ਜਾਂ ਰਾਸ਼ਟਰਵਾਦ ਦਾ ਕੋਈ ਸਰਟੀਫਿਕੇਟ ਨਹੀਂ ਚਾਹੀਦਾ, ਜਿਨ੍ਹਾਂ ਨੇ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਐਕਸ `ਤੇ ਪੋਸਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਤੇਂਦਰ ਜੈਨ ਜੀ ਦੀ ਗ੍ਰਿਫ਼ਤਾਰੀ ਸਿਆਸੀ ਬਦਲਾਖੋਰੀ ਦੀ ਪ੍ਰਤੱਖ ਮਿਸਾਲ ਹੈ। ਇਨ੍ਹਾਂ ਆਗੂਆਂ ਕੋਲ ਮੇਰੇ ਖ਼ਿਲਾਫ਼ ਬੋਲਣ ਲਈ ਕੁੱਝ ਨਹੀਂ ਹੈ, ਜਿਸ ਕਰਕੇ ਇਹ ਮੈਨੂੰ ਬੇਬੁਨਿਆਦ ਮਸਲਿਆਂ ਰਾਹੀਂ ਬਦਨਾਮ ਕਰ ਰਹੇ ਹਨ। ਜਿਸ ਭਾਜਪਾ ਦਾ ਸੂਬੇ ਵਿੱਚ ਕੋਈ ਆਧਾਰ ਨਹੀਂ ਹੈ, ਉਹ ਸਾਨੂੰ ਬਦਨਾਮ ਕਰਨ ਅਤੇ ਧਮਕਾਉਣ ਲਈ ਈ.ਡੀ. ਤੇ ਸੀ.ਬੀ.ਆਈ. ਦੀ ਵਰਤੋਂ ਕਰ ਰਹੀ ਹੈ। ਇਸ ਨਾਲ ਮੇਰਾ ਹੌਸਲੇ ਨਹੀਂ ਟੁੱਟੇਗਾ ਅਤੇ ਮੈਂ ਪੰਜਾਬ ਦੇ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖਾਂਗਾ।" ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੇ ਮੁੱਦੇ `ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਨੂੰ ਕਾਂਗਰਸ ਜਾਂ ਕੇਂਦਰ ਵਿਚਲੀ ਸਰਕਾਰ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਪੰਜਾਬੀਆਂ ਨੇ ਕੌਮੀ ਤਿਰੰਗੇ ਦੇ ਹਰ ਰੰਗ ਨੂੰ ਨਿਖਾਰਨ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ ਅਤੇ ਭਾਜਪਾ ਜਾਂ ਕੇਂਦਰ ਸਰਕਾਰ ਨੂੰ ਸਾਨੂੰ ਇਸ ਬਾਰੇ ਪਾਠ ਪੜ੍ਹਾਉਣ ਦੀ ਲੋੜ ਨਹੀਂ ਹੈ। ਇਹ ਬਹੁਤ ਮਾੜੀ ਗੱਲ ਹੈ ਕਿ ਇਹ ਪਾਰਟੀ, ਪੰਜਾਬ ਤੇ ਪੰਜਾਬੀਆਂ ਦੀ ਦੇਸ਼ ਭਗਤੀ `ਤੇ ਸਵਾਲ ਚੁੱਕ ਕੇ ਵਾਰ-ਵਾਰ ਘਟੀਆ ਹਥਕੰਡੇ ਅਪਣਾ ਰਹੀ ਹੈ।"
ਪੰਜਾਬ ਸਰਕਾਰ ਦਰਿਆਵਾਂ ਵਿਚਲੇ ਪਾਣੀ ਦੇ ਪੱਧਰ `ਤੇ ਲਗਾਤਾਰ ਨਜ਼ਰ ਰੱਖ ਰਹੀ ਹੈ, ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ: ਭਗਵੰਤ ਸਿੰਘ ਮਾਨ
ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬਾ ਸਰਕਾਰ ਦਰਿਆਵਾਂ ਅਤੇ ਡੈਮਾਂ ਵਿੱਚ ਪਾਣੀ ਦੇ ਪੱਧਰ `ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਸੂਬੇ ਦੇ ਲੋਕਾਂ ਨੂੰ ਇਸ ਬਾਰੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।"
ਜਗਤਾਰ ਸਿੰਘ ਹਵਾਰਾ ਨੂੰ ਬਿਮਾਰ ਮਾਂ ਨੂੰ ਮਿਲਣ ਲਈ ਮਾਨਵਤਾ ਦੇ ਆਧਾਰ `ਤੇ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ: ਭਗਵੰਤ ਸਿੰਘ ਮਾਨ
ਜਗਤਾਰ ਸਿੰਘ ਹਵਾਰਾ ਦੀ ਪੈਰੋਲ ਬਾਰੇ ਭਗਵੰਤ ਸਿੰਘ ਮਾਨ ਨੇ ਕਿਹਾ, “ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਮਾਨਵਤਾ ਦੇ ਆਧਾਰ `ਤੇ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ। ਮੈਂ ਇਹ ਮੁੱਦਾ ਪੰਜਾਬ ਦੇ ਰਾਜਪਾਲ ਕੋਲ ਪਹਿਲਾਂ ਹੀ ਉਠਾ ਚੁੱਕਾ ਹਾਂ। ਹੁਣ ਇਸ ਬਾਰੇ ਅੰਤਮ ਫ਼ੈਸਲਾ ਭਾਰਤ ਸਰਕਾਰ ਨੇ ਲੈਣਾ ਹੈ।"