ਚੰਡੀਗੜ੍ : ਪੰਜਾਬ ਨੂੰ ਤਕਨਾਲੋਜੀ-ਅਧਾਰਤ ਉੱਦਮਤਾ ਦੇ ਕੌਮੀ ਧੁਰੇ ਵਜੋਂ ਉਭਾਰਨ ਲਈ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ 29 ਕਰੋੜ ਰੁਪਏ ਦੇ ਨਿਵੇਸ਼ ਨਾਲ ਐਸ.ਟੀ.ਪੀ.ਆਈ. ਮੋਹਾਲੀ ਵਿਖੇ "ਸਟਾਰਟਅੱਪ ਪੰਜਾਬ ਹੱਬ - ਨਿਊਰੋਨ 2.0" ਸਥਾਪਤ ਕਰਨ ਲਈ ਸਾਫਟਵੇਅਰ ਤਕਨਾਲੋਜੀ ਪਾਰਕਸ ਆਫ਼ ਇੰਡੀਆ (ਐਸਟੀਪੀਆਈ) ਨਾਲ ਇੱਕ ਅਹਿਮ ਸਮਝੌਤਾ ਸਹੀਬੱਧ ਕੀਤਾ ਹੈ। ਇਹ ਇਨਕਿਊਬੇਸ਼ਨ ਸੈਂਟਰ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਅਤੇ ਉੱਨਤ ਤਕਨਾਲੋਜੀ ਅਧਾਰਤ ਸਟਾਰਟਅੱਪਸ 'ਤੇ ਧਿਆਨ ਕੇਂਦਰਿਤ ਕਰੇਗਾ। ਇੱਥੇ ਉਦਯੋਗ ਭਵਨ ਵਿਖੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਇਹ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਸਮਝੌਤੇ 'ਤੇ ਡਾਇਰੈਕਟਰ ਉਦਯੋਗ ਅਤੇ ਵਣਜ-ਕਮ-ਪੰਜਾਬ ਸਟਾਰਟਅੱਪ ਨੋਡਲ ਅਫ਼ਸਰ ਸ੍ਰੀ ਜਸਪ੍ਰੀਤ ਸਿੰਘ ਅਤੇ ਐਸਟੀਪੀਆਈ ਦੇ ਡਾਇਰੈਕਟਰ ਸ੍ਰੀ ਸ਼ੈਲੇਂਦਰ ਕੇ ਤਿਆਗੀ ਨੇ ਦਸਤਖ਼ਤ ਕੀਤੇ। ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਨਵੀਂ ਸਹੂਲਤ 'ਨਿਊਰੋਨ 1.0' ਦੀ ਸਫ਼ਲਤਾ 'ਤੇ ਅਧਾਰਿਤ ਹੈ, ਜਿਸ ਤਹਿਤ 114 ਸਟਾਰਟਅੱਪਸ ਨੂੰ ਇਨਕਿਊਬੇਟ (ਨਵੀਨ ਲੋੜਾਂ ਅਨੁਸਾਰ ਤਿਆਰ) ਕੀਤਾ ਗਿਆ, 158 ਉਤਪਾਦਾਂ ਅਤੇ 171 ਪ੍ਰੋਟੋਟਾਈਪਸ ਦੇ ਵਿਕਾਸ ਵਿੱਚ ਸਹਾਇਤਾ ਕੀਤੀ ਗਈ, ਜਿਸ ਸਦਕਾ ਲਗਭਗ 2,700 ਨੌਕਰੀਆਂ ਪੈਦਾ ਹੋਈਆਂ। ਪਿਛਲੇ ਹੱਬ ਵਿੱਚੋਂ ਇਨਕਿਊਬੇਟ ਕੀਤੇ ਗਏ ਸਟਾਰਟਅੱਪਸ ਨੇ 251 ਕਰੋੜ ਰੁਪਏ ਦਾ ਨਿਵੇਸ਼ ਹਾਸਲ ਕੀਤਾ ਹੈ, ਉਨ੍ਹਾਂ ਕਿਹਾ ਕਿ ਨਿਊਰੋਨ 2.0 ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਡਾਟਾ ਐਨਾਲਿਟਿਕਸ, ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ) ਅਤੇ ਆਡੀਓ-ਵਿਜ਼ੂਅਲ ਗ੍ਰਾਫਿਕਸ ਦੇ ਨਾਲ-ਨਾਲ ਸਾਈਬਰ ਸੁਰੱਖਿਆ ਨੂੰ ਇੱਕ ਕੋਰ ਡੋਮੇਨ ਵਜੋਂ ਸ਼ਾਮਲ ਕੀਤਾ ਜਾਵੇਗਾ। ਸਕਿਲਿੰਗ ਪ੍ਰਕਿਰਿਆ ਵਿੱਚ ਫਾਊਂਡੇਸ਼ਨ, ਇੰਟਰਮੀਡੀਏਟ ਅਤੇ ਐਕਸਪਟ-ਲੈਵਲ ਦੇ ਪ੍ਰੋਗਰਾਮ ਸ਼ਾਮਲ ਹੋਣਗੇ। ਸਟਾਰਟਅੱਪ ਪੰਜਾਬ ਸਟਾਰਟਅੱਪ ਆਊਟਰੀਚ, ਮੈਂਟਰਿੰਗ ਅਤੇ ਈਕੋਸਿਸਟਮ ਡਿਵੈਲਪਮੈਂਟ ਵਿੱਚ ਸਹਾਇਤਾ ਕਰੇਗਾ ਅਤੇ ਇਸ ਹੱਬ ਨੂੰ ਸਰਕਾਰੀ ਵਿਭਾਗਾਂ, ਵਿੱਦਿਅਕ ਅਦਾਰਿਆਂ ਅਤੇ ਉਦਯੋਗਿਕ ਸੰਸਥਾਵਾਂ ਨਾਲ ਜੋੜੇਗਾ। ਇਸਦੇ ਨਾਲ ਹੀ ਇੱਥੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ।