ਦੇਵੀਗੜ੍ : ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ, ਜੁਲਾਹ ਖੇੜੀ ਦੇ ਖਿਡਾਰੀਆਂ ਨੇ 70ਵੀਆਂ ਜ਼ੋਨਲ ਖੇਡਾਂ ਦੇ ਤਾਏਕਵਾਂਡੋ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 21 ਸੋਨ ਤਗਮਿਆਂ ਸਮੇਤ ਕੁੱਲ 29 ਮੈਡਲ ਹਾਸਲ ਕੀਤੇ। ਖਿਡਾਰੀਆਂ ਦੀ ਇਸ ਪ੍ਰਾਪਤੀ ਨਾਲ ਸਕੂਲ ਦਾ ਨਾਮ ਖੇਡ ਖੇਤਰ ਵਿੱਚ ਹੋਰ ਉੱਚਾ ਹੋਇਆ ਹੈ। ਭੁਨਰਹੇੜੀ ਜ਼ੋਨ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਖਿਡਾਰੀਆਂ ਵਿਚਕਾਰ ਹੋਏ ਤਾਏਕਵਾਂਡੋ ਮੁਕਾਬਲਿਆਂ ਵਿੱਚ ਡਾ. ਬੀ. ਐੱਸ. ਸੰਧੂ ਸਕੂਲ ਦੇ ਖਿਡਾਰੀਆਂ ਨੇ ਪੂਰੇ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਬਿਹਤਰੀਨ ਤਕਨੀਕ ਦਾ ਪ੍ਰਦਰਸ਼ਨ ਕੀਤਾ। ਸਕੂਲ ਦੀਆਂ ਲੜਕੀਆਂ ਨੇ ਮੁਕਾਬਲਿਆਂ ਵਿੱਚ 10 ਸੋਨ, 3 ਚਾਂਦੀ ਅਤੇ 2 ਕਾਂਸੀ ਦੇ ਤਗਮੇ, ਜਦਕਿ ਲੜਕਿਆਂ ਨੇ 11 ਸੋਨ ਅਤੇ 3 ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਇਸ ਤਰ੍ਹਾਂ ਸਕੂਲ ਦੇ ਖਿਡਾਰੀਆਂ ਨੇ 21 ਸੋਨ, 6 ਚਾਂਦੀ ਅਤੇ 2 ਕਾਂਸੀ ਕੁੱਲ 29 ਤਗਮੇ ਆਪਣੇ ਨਾਮ ਕਰਕੇ ਸ਼ਾਨਦਾਰ ਉਪਲਬਧੀ ਦਰਜ ਕੀਤੀ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਤਰਨਦੀਪ ਕੌਰ ਅਰੋੜਾ ਨੇ ਜੇਤੂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਆਗਾਮੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ਲਈ ਸਪੋਰਟਸ ਕੋਆਰਡੀਨੇਟਰ ਅਵਤਾਰ ਸਿੰਘ ਅਤੇ ਡੀ.ਪੀ.ਈ. ਜਸਵੰਤ ਸਿੰਘ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਸਿਖਲਾਈ ਦੀ ਸ਼ਲਾਘਾ ਕੀਤੀ। ਸਕੂਲ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਇਹ ਖਿਡਾਰੀ ਆਉਣ ਵਾਲੇ ਜ਼ਿਲ੍ਹਾ ਅਤੇ ਉੱਚ ਪੱਧਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।