ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਨਜ਼ਦੀਕ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਨਗਰ ਨਿਗਮ ਵੱਲੋਂ ਨਵਾਂ ਟਿਊਬਵੈੱਲ ਲਗਵਾਇਆ ਗਿਆ। ਇਸ ਨਵੇਂ ਟਿਊਬਵੈੱਲ ਦਾ ਸ਼ੁਭ ਆਰੰਭ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਨਿਗਮ ਦੇ ਐਸ.ਈ. (ਨਿਗਰਾਨ ਇੰਜੀਨੀਅਰ) ਰਜਿੰਦਰ ਚੋਪੜਾ ਅਤੇ ਜੇ.ਈ. (ਜੂਨੀਅਰ ਇੰਜੀਨੀਅਰ) ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਇਲਾਕਾ ਵਾਸੀਆਂ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਮੁੱਖ ਤਰਜੀਹ ਹੈ। ਸ਼੍ਰੀ ਕਾਲੀ ਮਾਤਾ ਮੰਦਿਰ ਦੇ ਆਸ-ਪਾਸ ਦੇ ਖੇਤਰ ਵਿੱਚ ਪਾਣੀ ਦੇ ਪ੍ਰੈਸ਼ਰ ਅਤੇ ਸਪਲਾਈ ਨੂੰ ਦਰੁਸਤ ਕਰਨ ਲਈ ਲੰਬੇ ਸਮੇਂ ਤੋਂ ਨਵੇਂ ਟਿਊਬਵੈੱਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਟਿਊਬਵੈੱਲ ਦੇ ਚਾਲੂ ਹੋਣ ਨਾਲ ਆਸ-ਪਾਸ ਦੇ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਦੇ ਨਾਲ-ਨਾਲ ਹਰ ਨਾਗਰਿਕ ਤੱਕ ਸਾਫ਼ ਪਾਣੀ ਪਹੁੰਚਾਉਣ ਲਈ ਨਿਗਮ ਲਗਾਤਾਰ ਯਤਨਸ਼ੀਲ ਹੈ।