ਅੰਮ੍ਰਿਤਸਰ : ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਪਰੋਲ ਲਈ ਚੱਲ ਰਹੇ ਸੰਘਰਸ਼ ਨੂੰ ਮੁੱਖ ਰੱਖਦਿਆਂ ਜਥੇਦਾਰ ਹਵਾਰਾ ਕਮੇਟੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 21 ਅਗਸਤ ਸ਼ੁਕਰਵਾਰ ਵਾਲੇ ਦਿਨ ਪੰਜਾਬ ਬੰਦ ਰੱਖਿਆ ਜਾਵੇ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੰਜਾਬ ਦੇ ਹਰ ਵਰਗ ਅਤੇ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਘਰ ਘਰ ਦੀ ਆਵਾਜ਼ ਬਣ ਚੁੱਕਿਆ ਹੈ ਜਿਸ ਦੇ ਚਲਦਿਆਂ ਹਵਾਰਾ ਕਮੇਟੀ ਨੇ ਸਮੂਹ ਵਿਦਿਅਕ ਅਦਾਰੇ, ਕਾਰੋਬਾਰ, ਬੈਂਕਾਂ ਅਤੇ ਦਫਤਰਾਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਦੀ ਆਵਾਜ਼ ਸਰਕਾਰ ਤੱਕ ਪੁਹੰਚ ਸਕੇ। ਜਿਕਰਯੋਗ ਹੈ ਕਿ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਬੰਦੀ ਸਿੰਘ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੱਖ ਵੱਖ ਜੇਲਾਂ ਵਿੱਚ ਬੰਦ ਹਨ। ਹਵਾਰਾ ਕਮੇਟੀ ਨੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਖਿਲਾਫ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੁਕੱਦਮਾ ਦਰਜ ਕਰਨ ਦੀ ਸਖ਼ਤ ਆਲੋਚਨਾ ਕੀਤੀ ਤੇ ਮੰਗ ਕੀਤੀ ਤੇ ਪਰਚੇ ਖਾਰਜ਼ ਕੀਤੇ ਜਾਣ। ਇਸ ਮੌਕੇ ਤੇ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ ਬਲਜਿੰਦਰ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਡਾ ਸੁਖਦੇਵ ਸਿੰਘ ਬਾਬਾ, ਨਰਿੰਦਰ ਸਿੰਘ ਗਿੱਲ, ਰਾਜ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ ਆਦਿ ਹਾਜ਼ਰ ਸਨ।