ਮੋਹਾਲੀ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵਲੋਂ ਗਮਾਡਾ ਨੂੰ 15,000 ਕਰੋੜ ਰੁਪਏ ਦਾ ਮੋਟਾ ਕਰਜ਼ਾ ਲੈਣ ਅਤੇ ਇਹ ਕਰਜ਼ਾ ਲੈਣ ਲਈ ਗੁਜਰਾਤ ਦੀ ਇੱਕ ਨਿੱਜੀ ਫਰਮ ਨੂੰ 191.16 ਕਰੋੜ ਰੁਪਏ ਦੀ ਮੋਟੀ 'ਦਲਾਲੀ' ਦੇਣ ਦੇ ਰਾਹ ਤੋਰਨ ਦੇ ਤੁਗਲਕੀ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪਹਿਲਾਂ ਹੀ ਤਕਰੀਬਨ 8000 ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬੀ ਇਸ ਸੰਸਥਾ ਸਿਰ 15,000 ਕਰੋੜ ਦਾ ਹੋਰ ਪਹਾੜ ਜਿੱਡਾ ਕਰਜ਼ਾ ਮੜ੍ਹਨਾ ਗਮਾਡਾ ਦੀ ਹੋਂਦ ਨੂੰ ਮਿਟਾਉਣ ਦੀ ਸਾਜ਼ਿਸ਼ ਹੈ।"ਕਾਨੂੰਨ ਦੀ ਆੜ ਵਿੱਚ ਅਥਾਰਟੀਆਂ ਤੋਂ ਜ਼ਬਰਦਸਤੀ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੜੱਪ ਕੇ ਵਿੱਤ ਵਿਭਾਗ ਦੇ ਖਾਤੇ ਵਿੱਚ ਪਵਾਈ ਗਈ ਹੈ।" ਜਿਸ ਕਾਰਨ ਹੁਣ ਗਮਾਡਾ ਨੂੰ 15,000 ਕਰੋੜ ਦਾ ਨਵਾਂ ਕਰਜ਼ਾ ਚੁੱਕਣ ਲਈ ਮਜ਼ਬੂਰ ਕੀਤਾ ਗਿਆ ਹੈ ਤਾਂ ਜੋ ਵਿੱਤ ਵਿਭਾਗ ਦਾ ਖਾਲੀ ਖਜ਼ਾਨਾ ਭਰਿਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਅਗਲੇ 20 ਸਾਲਾਂ ਤੱਕ ਪੰਜਾਬ ਦੇ ਲੋਕਾਂ ਸਿਰ 1200 ਕਰੋੜ ਰੁਪਏ ਦਾ ਸਲਾਨਾ ਵਿਆਜ ਮੜ੍ਹ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਰਜ਼ੇ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ ਕਾਂਗਰਸੀ ਆਗੂ ਨੇ ਚੇਤਾਵਨੀ ਦਿੱਤੀ ਕਿ ਕਾਂਗਰਸ ਪਾਰਟੀ ਪੰਜਾਬ ਦੇ ਅਸਾਸਿਆਂ ਦੀ ਇਸ ਕੰਗਾਲੀ ਅਤੇ ਕਾਨੂੰਨ ਦੀ ਆੜ ਵਿੱਚ ਹੋ ਰਹੀ ਲੁੱਟ ਨੂੰ ਚੁੱਪਚਾਪ ਨਹੀਂ ਦੇਖੇਗੀ। ਭਗਵੰਤ ਮਾਨ ਸਰਕਾਰ ਇਸ ਪੰਜਾਬ-ਵਿਰੋਧੀ ਫੈਸਲੇ ਨੂੰ ਤੁਰੰਤ ਰੱਦ ਕਰੇ, ਨਹੀਂ ਤਾਂ ਕਾਂਗਰਸ ਪਾਰਟੀ ਲੋਕਾਂ ਨੂੰ ਇਸ ਮਹਾਂ-ਘੁਟਾਲੇ ਵਿਰੁੱਧ ਹਰ ਸੰਭਵ ਢੰਗ ਨਾਲ ਜਾਗਰੂਕ ਕਰੇਗੀ।