ਡੇਰਾਬੱਸੀ : ਡੇਰਾਬੱਸੀ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨੂੰ ਹੋਰ ਬਿਹਤਰ ਬਣਾਉਣ ਲਈ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਚਾਰ ਨਵੇਂ ਪਾਣੀ ਦੇ ਟਿਊਬਵੈੱਲਾਂ ਦਾ ਉਦਘਾਟਨ ਕਰਕੇ ਇਹ ਲੋਕਾਂ ਨੂੰ ਸਮਰਪਿਤ ਕੀਤੇ ਗਏ। ਇਨ੍ਹਾਂ ਚਾਰਾਂ ਟਿਊਬਵੈੱਲਾਂ ’ਤੇ ਲਗਭਗ 49 ਲੱਖ ਰੁਪਏ ਪ੍ਰਤੀ ਟਿਊਬਵੈੱਲ ਦੇ ਹਿਸਾਬ ਨਾਲ ਕੁੱਲ 1.96 ਕਰੋੜ ਰੁਪਏ ਦੀ ਲਾਗਤ ਆਈ ਹੈ। ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਟਿਊਬਵੈੱਲ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਅਤੇ ਬਿਹਤਰ ਸਪਲਾਈ ਯਕੀਨੀ ਬਣਾਉਣ ਵਿੱਚ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਅਤੇ ਇਸ ਦਿਸ਼ਾ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਇਹ ਨਵੇਂ ਟਿਊਬਵੈੱਲ ਬੱਸੀ ਮੁਬਾਰਿਕਪੁਰ ਟਰੱਕ ਆਪਰੇਟਰ ਯੂਨੀਅਨ ਵਾਰਡ ਨੰਬਰ 01, ਗੁਲਾਬਗੜ੍ਹ ਰੋਡ ਡੈਂਟਲ ਕਾਲਜ ਨੇੜੇ ਵਾਰਡ ਨੰਬਰ 11-12, ਸਾਧੂ ਨਗਰ ਵਾਰਡ ਨੰਬਰ 14, ਰੈੱਡੀ ਐਨਕਲੇਵ ਵਾਰਡ ਨੰਬਰ 16 ਵਿਖੇ ਸਥਾਪਿਤ ਕੀਤੇ ਗਏ ਹਨ। ਇਸ ਮੌਕੇ ਵਾਰਡ ਨੰਬਰ 01 ਤੋਂ ਐਮ.ਸੀ. ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਸੈਣੀ, ਵਾਰਡ ਨੰਬਰ 11 ਤੋਂ ਐਮ.ਸੀ. ਕਿਰਨ ਪਤਨੀ ਮਾਸਟਰ ਕਰਮ ਸਿੰਘ, ਵਾਰਡ ਨੰਬਰ 12 ਤੋਂ ਐਮ.ਸੀ. ਭੁਪਿੰਦਰ ਸ਼ਰਮਾ, ਵਾਰਡ ਨੰਬਰ 14 ਤੋਂ ਐਮ.ਸੀ. ਨਰੇਸ਼ ਉਪਨੇਜਾ ਅਤੇ ਵਾਰਡ ਨੰਬਰ 16 ਦੇ ਇੰਚਾਰਜ ਐਡਵੋਕੇਟ ਆਸ਼ੀਸ਼ ਦਤਾ ਸਮੇਤ ਸਥਾਨਕ ਆਗੂ ਅਤੇ ਵਾਰਡ ਵਾਸੀ ਹਾਜ਼ਰ ਸਨ। ਇਸ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ, ਬਲਾਕ ਪ੍ਰਧਾਨ ਗੁਰਮੀਤ ਸਿੰਘ, ਇੰਦਰਜੀਤ ਸਿੰਘ ,ਯੂਥ ਕੋਆਰਡੀਨੇਟਰ ਗਗਨਦੀਪ ਸਿੰਘ ਸਮੇਤ ਹੋਰ ਪਾਰਟੀ ਆਗੂ ਅਤੇ ਪਤਵੰਤੇ ਵੀ ਮੌਜੂਦ ਰਹੇ।