ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ ਨੀਵਾਂ ਦਿਖਾਉਣ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਵੜਿੰਗ ਨੇ ਕਾਂਗਰਸ ਦੇ ਯੋਧਿਆਂ ਨਾਲ ਦੂਜੇ ਪੜਾਅ ਹੇਠ ਗੱਲਬਾਤ ਦੌਰਾਨ, ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਾਣਬੁੱਝ ਕੇ ਸਰਕਾਰੀ ਮੁਲਾਜ਼ਮਾਂ ਨੂੰ ਡੀਏ ਅਤੇ ਪੁਰਾਣੀ ਪੈਨਸ਼ਨ ਸਕੀਮ ਮੁਹਈਆ ਕਰਵਾਉਣ ਤੋਂ ਇਨਕਾਰ ਕਰਨ ਨੂੰ ਲੈ ਕੇ ਨਿੰਦਾ ਕੀਤੀ।
ਉਹਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ਆਪ ਸਰਕਾਰ ਦੋਵੇਂ ਵਿਰੋਧੀਆਂ ਖਿਲਾਫ ਬੇਰਹਿਮੀ ਨਾਲ ਦਹਿਸ਼ਤ ਫੈਲਾ ਰਹੀਆਂ ਹਨ। ਇਸ ਦੌਰਾਨ ਜਿੱਥੇ ਕੇਂਦਰ ਨੇ ਵਿਦਿਆਰਥੀਆਂ ਨੂੰ ਕੁਚਲਣ ਲਈ ਪੁਲਿਸ ਦੀ ਤਾਕਤ ਦੇ ਦੁਰਵਰਤੋਂ ਕੀਤੀ। ਉੱਥੇ ਹੀ, ਆਪ ਸਰਕਾਰ ਪੰਜਾਬ ਅੰਦਰ ਸਮਾਜ ਦੇ ਸਾਰੇ ਵਰਗਾਂ ਵਿਰੁੱਧ ਪੁਲਿਸ ਬਲ ਦਾ ਪ੍ਰਯੋਗ ਕਰ ਰਹੀ ਹੈ।
ਉਹਨਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਦਾਅਵਾ ਕਰਦੇ ਹਨ ਕਿ ਸੂਬੇ ਕੋਲ ਹਰ ਚੀਜ਼ ਵਾਸਤੇ ਬਹੁਤ ਪੈਸਾ ਹੈ। ਜਦ ਕਿ ਦੂਸਰੇ ਧਿਰ ਉਹ ਕਹਿੰਦੇ ਹਨ ਕਿ ਸਰਕਾਰ ਕੋਲ ਮੁਲਾਜ਼ਮਾਂ ਨੂੰ ਡੀਏ ਦੇਣ ਲਈ ਪੈਸੇ ਨਹੀਂ ਹਨ। ਉਹਨਾਂ ਨੇ ਸਰਕਾਰ ਵੱਲੋਂ ਡੀਏ ਦੀ ਅਦਾਇਗੀ ਸਬੰਧੀ ਹਾਈ ਕੋਰਟ ਦੇ ਹੁਕਮਾਂ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨ ਸਬੰਧੀ ਫੈਸਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇਸ਼ਤਿਹਾਰਾਂ ’ਤੇ 1,000 ਕਰੋੜ ਰੁਪਏ ਖਰਚ ਕਰ ਸਕਦੀ ਹੈ, ਪਰ ਉਸ ਕੋਲ ਕਰਮਚਾਰੀਆਂ ਦੇ ਡੀਏ ਲਈ ਕੋਈ ਪੈਸਾ ਨਹੀਂ ਹੈ।
ਇਸ ਮੌਕੇ ਸਰਕਾਰੀ ਕਰਮਚਾਰੀਆਂ ਦਾ ਜ਼ੋਰਦਾਰ ਢੰਗ ਨਾਲ ਸਮਰਥਨ ਕਰਦਿਆਂ, ਉਨ੍ਹਾਂ ਨੇ ਮਾਨ ਨੂੰ ਯਾਦ ਦਿਵਾਇਆ ਕਿ ਇਹ ਉਹੀ ਲੋਕ ਸਨ, ਜਿਨ੍ਹਾਂ ਨੇ ਸੂਬੇ ਵਿੱਚ ਆਪ ਦੀ ਸਰਕਾਰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਵੜਿੰਗ ਨੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਇਹ ਸੱਭ ਉਸ ਵਿਅਕਤੀ ਦੇ ਨੱਕ ਹੇਠਾਂ ਕੀਤਾ ਜਾ ਰਿਹਾ ਸੀ, ਜਿਹੜਾ ਹਮੇਸ਼ਾ ਤੋਂ ਆਪਣੇ ਆਪ ਨੂੰ ਇਕ ਅਧਿਆਪਕ ਦਾ ਪੁੱਤਰ ਦੱਸਦਾ ਰਿਹਾ ਹੈ।
ਜਦਕਿ ਮਾਨ ’ਤੇ ਨਿਸ਼ਾਨਾ ਸਾਧਦੇ ਹੋਏ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸਟੇਜ ਤੋਂ ਮਜ਼ਾਕ ਉਡਾਉਣ ਜਾਂ ਹਵਾ ਵਿੱਚ ਤੀਰ ਚਲਾਉਣ ਲਈ ਨਹੀਂ ਚੁਣਿਆ ਸੀ, ਸਗੋਂ ਉਹ ਬਦਲਾਅ ਲਿਆਉਣ ਲਈ ਚੁਣਿਆ ਸੀ, ਜਿਸ ਲਈ ਇਨ੍ਹਾਂ ਨੇ ਵਾਅਦਾ ਕੀਤਾ ਸੀ। ਲੇਕਿਨ, ਮਾਨ ਨਾ ਸਿਰਫ਼ ਆਪਣੇ ਵਾਅਦਿਆਂ ਵਿੱਚ ਅਸਫਲ ਰਹੇ ਹਨ, ਸਗੋਂ ਇਨ੍ਹਾਂ ਦਾ ਵਿਵਹਾਰ ਇੱਕ ਸ਼ਰਾਰਤੀ ਬੱਚੇ ਵਰਗਾ ਹੈ, ਜਿਹੜਾ ਲੋਕਾਂ ਦਾ ਮਨੋਰੰਜਨ ਕਰਨ ਲਈ ਦੂਜਿਆਂ ’ਤੇ ਮਜ਼ਾਕ ਉਡਾਉਂਦਾ ਹੈ।