ਸੁਨਾਮ : 80ਵੇਂ ਆਜ਼ਾਦੀ ਦਿਵਸ ਮੌਕੇ ਸੁਨਾਮ ਸਾਈਕਲਿੰਗ ਕਲੱਬ ਦੇ ਮੈਂਬਰ ਬੇਅੰਤ ਸਿੰਘ ਚੀਮਾਂ ਨੇ 80 ਕਿਲੋਮੀਟਰ ਦੀ ਰਾਈਡ ਲਾਕੇ ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੁੜਣ ਦਾ ਸੱਦਾ ਦਿੱਤਾ ਹੈ। ਚਾਰ ਘੰਟਿਆਂ ਵਿੱਚ ਨਿਰਧਾਰਿਤ ਸਫ਼ਰ ਤੈਅ ਕਰਨ ਵਾਲੇ ਨੌਜਵਾਨ ਸਾਈਕਲਿਸਟ ਬੇਅੰਤ ਸਿੰਘ ਚੀਮਾਂ ਨੇ ਨੌਜਵਾਨ ਪੀੜ੍ਹੀ ਨੂੰ ਤਾਕੀਦ ਕੀਤੀ ਹੈ ਕਿ ਉਹ ਸਾਈਕਲਿੰਗ ਵੱਲ ਧਿਆਨ ਕੇਂਦਰਿਤ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਇਆ ਜਾ ਸਕੇ। ਖ਼ਾਸ ਗੱਲ ਇਹ ਰਹੀ ਬੇਅੰਤ ਚੀਮਾਂ ਵੱਲੋਂ ਲਾਈ ਜਾ ਰਹੀ ਰਾਈਡ ਦੌਰਾਨ ਇਕ ਵਾਰ ਸਾਇਕਲ ਪੈਂਚਰ ਵੀ ਹੋਇਆ ਜਿਸ ਨੂੰ ਉਸ ਨੇ ਖੁਦ ਹੀ ਲਾਇਆ। ਸਾਈਕਲਿਸਟ ਬੇਅੰਤ ਚੀਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਨ ਵਿੱਚ ਜਜ਼ਬਾ ਪੈਦਾ ਕੀਤਾ ਸੀ ਕਿ 80ਵੇਂ ਆਜ਼ਾਦੀ ਦਿਵਸ ਮੌਕੇ 80 ਕਿਲੋਮੀਟਰ ਸਾਈਕਲ ਚਲਾਕੇ ਆਜ਼ਾਦੀ ਦੇ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਯੋਧਿਆਂ ਨੂੰ ਚੇਤੇ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਆਜ਼ਾਦੀ ਦਿਵਸ ਮੌਕੇ ਸਮਾਜ ਲਈ ਚੰਗਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਖਾਸਕਰ ਸਾਈਕਲਿੰਗ ਨਾਲ ਜੁੜਣਾ ਚਾਹੀਦਾ ਹੈ ਤਾਂ ਇਨਸਾਨ ਸਰੀਰਕ ਤੰਦਰੁਸਤੀ ਦੇ ਨਾਲ ਮਾਨਸਿਕ ਤੌਰ ਤੇ ਵੀ ਚੇਤੰਨ ਰਹੇ। ਇਸੇ ਦੌਰਾਨ ਸੁਨਾਮ ਸਾਈਕਲਿੰਗ ਕਲੱਬ ਦੇ ਸੀਨੀਅਰ ਮੈਂਬਰ ਯਸ਼ਪਾਲ ਗੋਗੀਆ ਨੇ ਬੇਅੰਤ ਸਿੰਘ ਚੀਮਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਸਮਰਪਿਤ ਭਾਵਨਾ ਨਾਲ ਸਾਈਕਲਿੰਗ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਤਾਂ ਜੋ ਸ਼ਰੀਰ ਨੂੰ ਤੰਦਰੁਸਤ ਰੱਖਣ ਤੋਂ ਇਲਾਵਾ ਪਿੰਡ ਤੋਂ ਸ਼ਹਿਰ ਅਤੇ ਸ਼ਹਿਰ ਤੋਂ ਪਿੰਡ ਦੀ ਦੂਰੀ ਨੂੰ ਨੇੜੇ ਲਿਆਂਦਾ ਜਾ ਸਕੇ।