ਚੰਡੀਗੜ੍ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਆਪਣੀ ਨਾਕਾਬਲੀਅਤ, ਬੇਨਿਯਮੀਆ ਅਤੇ ਭਰਿਸ਼ਟਾਚਾਰ ਦੇ ਚਲਦੇ ਲਗਾਤਾਰ ਡਿਫਾਲਟਰ ਸਾਬਿਤ ਹੋਈ ਹੈ। ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨਾ ਸਿਰਫ ਪੇਪਰ ਲੀਕ ਲਈ ਦੋਸ਼ੀ ਹੈ, ਬਲਕਿ ਉਸਨੇ ਵੱਖ-ਵੱਖ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਕੇ ਨੌਜਵਾਨਾਂ ਦਾ ਭਰੋਸਾ ਵੀ ਤੋੜਿਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ 21 ਬਲਾਕ ਪ੍ਰੋਗਰਾਮ ਮੈਨੇਜਰਾਂ ਅਤੇ 44 ਕਲਸਟਰ ਕੋਆਰਡੀਨੇਟਰਾਂ ਦੀ ਭਰਤੀ ਪ੍ਰਕਿਰਿਆ ਉੱਪਰ ਰੋਕ ਲਗਾਏ ਜਾਣ ਤੇ ਪ੍ਰਤੀਕ੍ਰਿਆ ਦਿੰਦੇ ਹੋਏ, ਕਿਹਾ ਕਿ ਇਹ ਸਭ ਭਰਤੀ ਪ੍ਰਕਿਰਿਆ ਦੌਰਾਨ ਪਾਈਆਂ ਗਈਆਂ ਗੰਭੀਰ ਬੇਨਿਯਮੀਆਂ ਤੋਂ ਬਾਅਦ ਹੋਇਆ ਹੈ। ਉਹਨਾਂ ਨੇ ਕਿਹਾ ਕਿ ਕਮੇਟੀ ਵੱਲੋਂ ਪੜਤਾਲ ਦੌਰਾਨ ਨੰਬਰ ਦਿੰਦੇ ਵੇਲੇ ਬੇਨਿਯਮੀਆਂ ਪਾਈਆਂ ਗਈਆਂ। ਜਿਸ ਤੋਂ ਬਾਅਦ ਅਦਾਲਤ ਨੇ ਕਮੇਟੀ ਦੀ ਪੜਤਾਲ ਦੇ ਅਧਾਰ ਤੇ ਅਗਲੀ ਸੁਣਵਾਈ ਤੱਕ ਭਰਤੀ ਪ੍ਰਕਿਰਿਆ ਉੱਪਰ ਰੋਕ ਲਗਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨਾ ਸਿਰਫ ਪੇਪਰ ਲੀਕ ਲਈ ਦੋਸ਼ੀ ਹੈ, ਬਲਕਿ ਉਸਨੇ ਭਰਤੀ ਪ੍ਰਕਿਰਿਆ ਨੂੰ ਵੀ ਨੁਕਸਾਨ ਪਹੁੰਚਾਇਆ ਹੈ।