ਬੰਗਾ : ਪੰਜਾਬ ਦੇ ਪ੍ਰਸਿੱਧ ਪੈਰਾਮੈਡੀਕਲ ਸਿੱਖਿਆ ਦੀ ਸੰਸਥਾ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿੱਚ ਐਨਸਥੀਸੀਆ ਅਤੇ ਆਪਰੇਸ਼ਨ ਥੀਏਟਰ ਤਕਨਾਲੋਜੀ ਵਿਸ਼ੇ ‘ਤੇ ਨੈਸ਼ਨਲ ਕਾਨਫਰੰਸ ਨੈਕਸਸ-2026 ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਕੌਮੀ ਕਾਨਫਰੰਸ ਵਿੱਚ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਮੈਡੀਕਲ ਅਤੇ ਪੈਰਾ ਮੈਡੀਕਲ ਕਾਲਜਾਂ ਦੇ ਮਾਹਿਰ, ਅਧਿਆਪਕ, ਖੋਜੀ ਅਤੇ ਵਿਦਿਆਰਥੀ ਸ਼ਾਮਿਲ ਹੋਏ । ਕਾਨਫਰੰਸ ਦੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ, ਜਦਕਿ ਪ੍ਰਧਾਨਗੀ ਮੰਡਲ ਵਿੱਚ ਪ੍ਰੋ. (ਡਾ.) ਪ੍ਰਵੀਨ ਬਾਂਸਲ ਡੀਨ ਰੀਸਰਚ ਐਂਡ ਡਿਵੈਲਪਮੈਂਟ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਪ੍ਰੋ. (ਡਾ.) ਲਲਿਤ ਗੁਪਤਾ ਸੀਨੀਅਰ ਐਨਸਥੀਸੀਆ ਮਾਹਿਰ, ਮੌਲਾਨਾ ਆਜ਼ਾਦ ਮੈਡੀਕਲ ਕਾਲਜ ਅਤੇ ਲੋਕ ਨਾਇਕ ਹਸਪਤਾਲ, ਨਵੀਂ ਦਿੱਲੀ ਅਤੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ। ਕਾਨਫਰੰਸ ਦਾ ਉਦਘਾਟਨ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਸ਼ਮਾ ਰੋਸ਼ਨ ਦੀ ਰਸਮ ਨਾਲ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਨਸਥੀਸੀਆ ਅਤੇ ਅਪਰੇਸ਼ਨ ਥੀਏਟਰ ਪੈਰਾਮੈਡੀਕਲ ਸੇਵਾਵਾਂ ਕਿਸੇ ਵੀ ਹਸਪਤਾਲ ਵਿਚ ਸਫਲ ਅਪਰੇਸ਼ਨਾਂ ਲਈ ਰੀੜ੍ਹ ਦੀ ਹੱਡੀ ਹੁੰਦੇ ਹਨ । ਸ. ਢਾਹਾਂ ਨੇ ਨੈਸ਼ਨਲ ਕਾਨਫਰੰਸ ਨੈਕਸਸ-2026 ਦੇ ਸਫਲ ਆਯੋਜਿਨ ਦੀ ਵਧਾਈ ਦਿੰਦੇ ਕਿਹਾ ਕਿ ਮਰੀਜ਼ਾਂ ਦੇ ਮਿਆਰੀ ਅਤੇ ਸਫਲ ਅਪਰੇਸ਼ਨਾਂ ਲਈ ਐਨਸਥੀਸੀਆ ਤੇ ਓਪਰੇਸ਼ਨ ਥੀਏਟਰ ਟੈਕਨਾਲੋਜੀ ਦੇ ਸਮੂਹ ਅਧਿਆਪਕਾਂ, ਖੋਜੀਆਂ, ਵਿਦਿਆਰਥੀਆਂ ਅਤੇ ਟੈਕਨੀਸ਼ੀਅਨਾਂ ਦਾ ਨਵੀਆਂ ਆਧੁਨਿਕ ਕੰਪਿਊਟਰਈਜ਼ਡ ਤਕਨੀਕਾਂ ਨਾਲ ਨਿਰੰਤਰ ਅੱਪਡੇਟ ਰਹਿਣਾ ਸਮੇਂ ਦੀ ਅਹਿਮ ਜ਼ਰੂਰਤ ਹੈ । ਉਹਨਾਂ ਨੈਸ਼ਨਲ ਪੱਧਰੀ ਕਾਨਫਰੰਸਾਂ ਨੂੰ ਸਿੱਖਿਆ, ਖੋਜ ਅਤੇ ਆਧੁਨਿਕ ਤਕਨੀਕੀ ਵਿਕਾਸ ਨੂੰ ਇੱਕ ਮੰਚ ‘ਤੇ ਲਿਆਉਣ ਦਾ ਮਹੱਤਵਪੂਰਨ ਕਾਰਜ ਦੱਸਿਆ ।
ਰਾਜਦੀਪ ਥਿਦਵਾਰ ਐਸੋਸੀਏਟ ਪ੍ਰੋਫੈਸਰ (ਰੇਡੀਓਲੋਜੀ) ਤੇ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਨੇ ਨੈਸ਼ਨਲ ਕਾਨਫਰੰਸ ਨੈਕਸਸ-2026 ਦੇ ਪ੍ਰਬੰਧਕ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਸੰਸਥਾ ਪੰਜਾਬ ਦੇ ਪ੍ਰਮੁੱਖ ਪੈਰਾਮੈਡੀਕਲ ਕਾਲਜਾਂ ਵਿੱਚੋਂ ਇੱਕ ਹੈ । ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਨੂੰ ਆਧੁਨਿਕ ਤਕਨੀਕਾਂ, ਖੋਜਾਂ ਅਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਸਬੰਧੀ ਜਾਗਰੂਕ ਕਰਨਾ ਸੀ ਅਤੇ ਉਹਨਾਂ ਸਭ ਨੂੰ ਇਹ ਕਾਨਫਰੰਸ ਇਸ ਖੇਤਰ ਵਿਚ ਇੱਕ ਨਵਾਂ ਮੁਕਾਮ ਪ੍ਰਦਾਨ ਕਰੇਗੀ । ਇਸ ਮੌਕੇ ਕਾਨਫਰੰਸ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਯਾਦ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਕਾਨਫਰੰਸ ਵਿਚ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਸਭਿਆਚਾਰਕ ਵੰਨਗੀਆਂ ਨੇ ਮਹਿਮਾਨਾਂ ਅਤੇ ਸਰੋਤਿਆਂ ਦਾ ਮਨ ਮੋਹ ਲਿਆ।