ਸਮਾਣਾ : ਹਲਕਾ ਸਮਾਣਾ ਦੇ ਵਿਕਾਸ ਨੂੰ ਹੋਰ ਗਤੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਪਿੰਡ ਦੋਦੜਾ ਵਿਖੇ 1.24 ਕਰੋੜ ਰੁਪਏ ਦੀ ਲਾਗਤ ਵਾਲੇ ਸੜਕੀ ਵਿਕਾਸ ਪ੍ਰੋਜੈਕਟ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਤਹਿਤ ਬਣਾਈ ਜਾ ਰਹੀ ਸੜਕ ਦਾ ਨਾਮ ਸ਼ਹੀਦ ਨਾਇਕ ਰਾਜਵਿੰਦਰ ਸਿੰਘ ਦੇ ਨਾਮ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪਿੰਡ ਦੋਦੜਾ ਤੋਂ ਸਮਾਣਾ ਰੋਡ ਵਾਇਆ ਤਾਜ਼ ਪੈਲੇਸ ਤੱਕ ਬਣਾਈ ਜਾਣ ਵਾਲੀ ਇਸ ਸੜਕ ਦੀ ਕੁੱਲ ਲੰਬਾਈ 2.70 ਕਿਲੋਮੀਟਰ ਹੈ ਅਤੇ ਇਸ ਦੀ ਉਸਾਰੀ ’ਤੇ ਕਰੀਬ 1.24 ਕਰੋੜ ਰੁਪਏ ਖਰਚ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਪਿੰਡ ਦੋਦੜਾ ਅਤੇ ਆਸ-ਪਾਸ ਦੇ ਖੇਤਰ ਦੇ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ ਅਤੇ ਸੜਕੀ ਸੰਪਰਕ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 24 ਰੈਜੀਮੈਂਟ ਦੇ ਨਾਇਕ ਰਾਜਵਿੰਦਰ ਸਿੰਘ ਸਾਲ 2020 ਵਿੱਚ ਜੰਮੂ (ਸ੍ਰੀਨਗਰ, ਪੁਲਵਾਮਾ) ਵਿਖੇ ਆਪਣੀ ਡਿਉਟੀ ਨਿਭਾਉਂਦੇ ਹੋਏ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਸੜਕ ਬਣਨ ਨਾਲ ਆਵਾਜਾਈ ਹੋਰ ਸੁਖਾਲੀ ਹੋਵੇਗੀ ਅਤੇ ਇਲਾਕੇ ਦੇ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਪਿੰਡ ਵਾਸੀਆਂ ਨੇ ਵਿਸ਼ੇਸ਼ ਤੌਰ ’ਤੇ ਸੜਕ ਦਾ ਨਾਮ ਸ਼ਹੀਦ ਨਾਇਕ ਰਾਜਵਿੰਦਰ ਸਿੰਘ ਦੇ ਨਾਮ ’ਤੇ ਰੱਖਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸ਼ਹੀਦ ਦੀ ਕੁਰਬਾਨੀ ਦਾ ਸਨਮਾਨ ਦੱਸਿਆ।