ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਡਾਇਰੈਕਟਰ ਯੁਵਕ ਸੇਵਾਵਾਂ, ਪੰਜਾਬ ਦੇ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾ, ਮੋਹਾਲੀ ਵਿਖੇ ਕੈਪਟਨ (ਸੇਵਾਮੁਕਤ) ਮਨਤੇਜ ਸਿੰਘ ਚੀਮਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬਾਂ ਦੇ ਨੋਡਲ ਅਫਸਰਾਂ ਅਤੇ ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਕਰਵਾਈ ਗਈ। ਸ. ਮਨਤੇਜ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਐਡਵੋਕੇਸੀ ਮੀਟਿੰਗ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆ ਦੇ ਪ੍ਰਭਾਵ ਤੋਂ ਦੂਰ ਰੱਖਣਾ, ਐੱਚ.ਆਈ.ਵੀ ਤੋਂ ਆਗਾਹ ਕਰਨਾ, ਸਵੈ ਇੱਛੁਕ ਖੂਨਦਾਨ ਮੁਹਿੰਮ ਨੂੰ ਪ੍ਰਫੂੱਲਤ ਕਰਨਾ ਅਤੇ ਟੀ.ਬੀ. ਮੁਕਤ ਭਾਰਤ ਅਭਿਆਨ ਵਿੱਚ ਨੌਜਵਾਨਾਂ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦੇਣਾ ਸੀ। ਹਰੇਕ ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਪੂਰੇ ਸਾਲ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਕੌਮਾਂਤਰੀ ਦਿਨ: ਨਸ਼ਾ ਵਿਰੋਧੀ ਦਿਵਸ, ਇੰਟਰਨੈਸ਼ਨਲ ਯੂਥ ਡੇਅ, ਵਲੰਟਰੀ ਬਲੱਡ ਡੂਨੇਸ਼ਨ ਡੇਅ, ਵਰਲਡ ਏਡਜ਼ ਡੇਅ, ਨੈਸ਼ਨਲ ਯੂਥ ਡੇਅ, ਨੈਸ਼ਨਲ ਟੀ.ਬੀ. ਡੇਅ ਆਦਿ ਸਬੰਧੀ ਕੈਲੰਡਰ ਵੀ ਜਾਰੀ ਕੀਤਾ ਗਿਆ। ਜ਼ਿਲ੍ਹੇ ਵਿੱਚ ਵਧੀਆਂ ਕਾਰਗੁਜ਼ਾਰੀ ਵਾਲੇ ਰੈੱਡ ਰਿਬਨ ਕਲੱਬਾਂ, ਚੰਡੀਗੜ੍ਹ ਯੂਨੀਵਰਸਿਟੀ ਘੰੜੂਆਂ ਨੂੰ ਪਹਿਲਾ, ਅਮਿਟੀ ਯੂਨੀਵਰਸਿਟੀ ਨੂੰ ਦੂਸਰਾ, ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਝੰਜੇੜੀ ਨੂੰ ਤੀਸਰਾ, ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਨੂੰ ਚੌਥਾ, ਖਾਲਸਾ ਕਾਲਜ ਮੋਹਾਲੀ ਨੂੰ ਪੰਜਵਾਂ, ਸਰਕਾਰੀ ਬਹੁਤਕਨੀਕੀ ਕਾਲਜ ਖੂਨੀ ਮਾਜਰਾ ਨੂੰ ਛੇਵਾਂ ਸਥਾਨ ਦਿੰਦੇ ਹੋਏ ਇਨਾਮ ਅਤੇ ਪ੍ਰਸੰਸਾ ਪੱਤਰ ਦਿੱਤੇ ਗਏ।