ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ: ਫੀਸ ਵਾਧੇ ਵਿਰੋਧੀ ਫਰੰਟ ਵੱਲੋਂ ਯੂਨੀਵਰਸਿਟੀ ਵਿੱਚ ਫੀਸਾਂ ਚ ਕੀਤੇ ਵਾਧੇ ਅਤੇ ਬੁਨਿਆਦੀ ਸਹੂਲਤਾਂ ਲਈ ਵੀ.ਸੀ. ਦਫਤਰ ਬਾਹਰ ਪੱਕੇ ਧਰਨੇ ਦੀ ਸ਼ੁਰੂਆਤ ਕੀਤੀ ਗਈ ਅਤੇ ਅੱਜ ਕੈਬਿਨੇਟ ਮੰਤਰੀ ਬਲਬੀਰ ਸਿੰਘ ਨੂੰ ਘੇਰ ਕੇ ਸਵਾਲ ਕੀਤੇ ਗਏ। ਵਿਦਿਆਰਥੀਆਂ ਨੇ ਮੰਤਰੀ ਨੂੰ ਸਵਾਲ ਕੀਤੇ ਕਿ ਪੰਜਾਬ ਸਰਕਾਰ ਦੁਆਰਾ ਯੂਨੀਵਰਸਿਟੀ ਦਾ 150 ਕਰੋੜ ਦਾ ਕਰਜਾ ਮਾਫ਼ ਕਰਨ ਦਾ ਵਾਅਦਾ ਕਿਉ ਨਹੀਂ ਪੂਰਾ ਕੀਤਾ ਗਿਆ ਅਤੇ ਵਾਅਦੇ ਅਨੁਸਾਰ ਹਰ ਸਾਲ ਯੂਨੀਵਰਸਿਟੀ ਦੀ ਗ੍ਰਾਂਟ 6 ਫੀਸਦੀ ਕਿਉ ਨਹੀਂ ਵਧਾਈ ਗਈ। ਫਰੰਟ ਨੇ ਮੰਗ ਕੀਤੀ ਹੈ ਕਿ ਹੋਸਟਲਾਂ ਅਤੇ ਕੋਰਸਾਂ ਦੀਆਂ ਵਧਾਈਆਂ ਫੀਸਾਂ ਤੁਰੰਤ ਵਾਪਸ ਲਈਆਂ ਜਾਣ ਅਤੇ ਯੂਨੀਵਰਸਿਟੀ ਦੀਆਂ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕੀਤਾ ਜਾਵੇ। ਉਹਨਾਂ ਦਾ ਕਹਿਣਾ ਇਹ ਹੈ ਕਿ ਸਿੱਖਿਆ ਕੋਈ ਜਿਨਸ ਨਹੀਂ ਹੈ ਜਿਸ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਹੈ ਇਹ ਸਰਕਾਰ ਦੀ ਜਿੰਮੇਵਾਰੀ ਹੈ ਤੇ ਸਿੱਖਿਆ ਹਰ ਵਿਅਕਤੀ ਦੇ ਪਹੁੰਚ ਵਿੱਚ ਹੋਣੀ ਚਾਹੀਦੀ ਹੈ। ਯੂਨੀਵਰਸਿਟੀ ਦਾ ਇਸ ਸਾਲ ਦਾ ਕੁੱਲ ਬਜਟ 732 ਕਰੋੜ ਦਾ ਹੈ ਜਿਸ ਵਿੱਚ 397 ਕਰੋੜ ਸਰਕਾਰ ਦੀ ਗਰਾਂਟ ਹੈ ਅਤੇ ਲਗਭਗ 240 ਕਰੋੜ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਇਕੱਠਾ ਹੁੰਦਾ ਹੈ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਸਿਰ 150 ਕਰੋੜ ਦਾ ਕਰਜ਼ਾ ਵੀ ਹੈ। ਜਿਸ ਦਾ ਯੂਨੀਵਰਸਿਟੀ ਹਰ ਸਾਲ 14 ਕਰੋੜ ਵਿਆਜ ਦਿੰਦੀ ਹੈ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਵੀ ਇਹ ਕਰਜ਼ਾ ਹਜੇ ਤੱਕ ਮਾਫ਼ ਨਹੀਂ ਹੋਇਆ। ਇਸ ਲਈ ਜਦੋਂ ਤੱਕ ਫਰੰਟ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਓਦੋਂ ਤੱਕ ਵੀਸੀ ਦਫਤਰ ਦੇ ਬਾਹਰ ਪੱਕਾ ਧਰਨਾ ਜਾਰੀ ਰਹੇਗਾ।
ਜਾਰੀ ਕਰਤਾ:
ਗੁਰਦਾਸ ਸਿੰਘ (9530675648)