ਲੌਂਗੋਵਾਲ : ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਲੌਂਗੋਵਾਲ ਵਿਖੇ ਸਕੂਲੀ ਸਿੱਖਿਆ ਦੇ ਖੇਤਰ ਨੂੰ ਹੋਰ ਹੁਲਾਰਾ ਦੇਣ ਲਈ ਇਕ ਵਿਸ਼ੇਸ਼ ਉਪਰਾਲੇ ਤਹਿਤ ਅੱਜ 129 ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 19,886 ਵਿਦਿਆਰਥੀਆਂ ਨੂੰ ਸਕੂਲ ਬੈਗ ਮੁਹੱਈਆ ਕਰਵਾਉਣ ਦੀ ਸ਼ੁਰੂਆਤ 6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ 5,710 ਵਿਦਿਆਰਥਣਾਂ ਨੂੰ ਸਕੂਲ ਬੈਗ ਵੰਡ ਕੇ ਲੌਂਗੋਵਾਲ ਦੇ ਸ਼ਹੀਦ ਸ. ਭਗਵਾਨ ਸਿੰਘ ਸਰਕਾਰੀ ਸਮਾਰਟ ਸਕੂਲ (ਕੰਨਿਆਂ) ਵਿਖੇ ਕੀਤੀ। ਇਸ ਮੌਕੇ ਸ਼੍ਰੀ ਅਰੋੜਾ ਦੀ ਧਰਮਪਤਨੀ ਸ਼੍ਰੀਮਤੀ ਸਬੀਨਾ ਅਰੋੜਾ ਵੀ ਉਹਨਾਂ ਦੇ ਨਾਲ ਸਨ। ਉਨ੍ਹਾਂ ਦੱਸਿਆ ਕਿ ਹਲਕੇ ਦੇ 13 ਵਿਦਿਆਰਥੀਆਂ ਨੇ ਐਨ.ਈ.ਈ.ਟੀ/ ਜੇ.ਈ.ਈ.ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚ 8 ਵਿਦਿਆਰਥਣਾਂ ਸ਼ਾਮਲ ਹਨ। ਇਸ ਤੋਂ ਇਲਾਵਾ ਆਪਣੀਆਂ ਜਮਾਤਾਂ ਵਿੱਚ ਪਹਿਲੀਆਂ, ਦੂਜੀਆਂ ਅਤੇ ਤੀਜੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਅਰੋੜਾ ਨੇ ਕਿਹਾ ਕਿ ਵਿਦਿਆਰਥੀ ਕਿਸੇ ਵੀ ਸਟ੍ਰੀਮ ਜਾਂ ਟਰੇਡ ਦਾ ਹੋਵੇ, ਉਹ ਸਦਾ ਹਰ ਵਿਦਿਆਰਥੀ ਦੇ ਨਾਲ ਖੜ੍ਹੇ ਹਨ ਤੇ ਹਰ ਵਿਦਿਆਰਥੀ ਦੇ ਰੌਸ਼ਨ ਭਵਿੱਖ ਲਈ ਯਤਨਸ਼ੀਲ ਹਨ। ਸਰਕਾਰ ਦਾ ਮੰਤਵ ਹਰ ਬੱਚੇ ਨੂੰ ਗੁਣਵੱਤਾਪੂਰਨ ਸਿੱਖਿਆ ਦੇ ਮੌਕੇ ਪ੍ਰਦਾਨ ਕਰਕੇ ਉਸ ਦੇ ਉੱਜਵਲ ਭਵਿੱਖ ਦੀ ਨੀਂਹ ਮਜ਼ਬੂਤ ਕਰਨਾ ਹੈ।