ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) : ਵਧ ਰਹੀ ਆਬਾਦੀ ਅਤੇ ਵਿਦਿਅਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ ਵਿੱਚ ਭਰੋਸਾ ਦਿਵਾਇਆ ਕਿ ਡੇਰਾਬੱਸੀ ਅਤੇ ਲਾਲੜੂ ਖੇਤਰ ਦੇ ਸਰਕਾਰੀ ਸਕੂਲਾਂ ਨੂੰ ਜਗ੍ਹਾ/ਜ਼ਮੀਨ ਦੀ ਉਪਲਬਧਤਾ ਦੇ ਆਧਾਰ 'ਤੇ ਪਹਿਲ ਦੇ ਅਧਾਰ 'ਤੇ ਅੱਪਗ੍ਰੇਡ ਕੀਤਾ ਜਾਵੇਗਾ। ਸਦਨ ਦੀ ਕਾਰਵਾਈ ਦੌਰਾਨ ਐਮ ਐਲ ਏ ਡੇਰਾਬੱਸੀ, ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਦਾ ਉਠਾਏ ਜਾਣ 'ਤੇ ਸਿੱਖਿਆ ਮੰਤਰੀ ਨੇ ਮੰਨਿਆ ਕਿ ਡੇਰਾਬੱਸੀ ਅਤੇ ਲਾਲੜੂ ਵਰਗੇ ਸ਼ਹਿਰੀ ਖੇਤਰਾਂ ਵਿੱਚ ਆਬਾਦੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਹਾਲਾਂਕਿ ਇਸ ਸਬੰਧੀ ਪਹਿਲਾਂ ਵਿਭਾਗ ਵੱਲੋਂ ਕੋਈ ਰਸਮੀ ਮੰਗ ਨਹੀਂ ਆਈ ਸੀ, ਪਰ ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਇਸੇ ਤਰ੍ਹਾਂ ਧਰਮਗੜ੍ਹ ਹਾਈ ਸਕੂਲ ਵਿੱਚ ਬੱਲੋਪੁਰ, ਤੋਫਾਪੁਰ, ਜਸਤਾਨਾ ਕਲਾਂ ਅਤੇ ਜਸਤਾਨਾ ਖੁਰਦ ਦੇ ਲਗਭਗ 150 ਤੋਂ 400 ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਨੂੰ ਅੱਗੇ ਦੀ ਪੜ੍ਹਾਈ ਲਈ 6 ਕਿਲੋਮੀਟਰ ਦੂਰ ਲਾਲੜੂ ਜਾਣਾ ਪੈਂਦਾ ਹੈ, ਜਿੱਥੇ ਸਕੂਲ ਪਹਿਲਾਂ ਹੀ ਦੋ ਸ਼ਿਫਟਾਂ ਵਿੱਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬਲਟਾਣਾ ਹਾਈ ਸਕੂਲ ਦੇ 450 ਦੇ ਲਗਭਗ ਵਿਦਿਆਰਥੀਆਂ ਨੂੰ 10ਵੀਂ ਤੋਂ ਬਾਅਦ 8 ਕਿਲੋਮੀਟਰ ਦੂਰ ਲੋਹਗੜ੍ਹ, ਦਿਆਲਪੁਰਾ ਜਾਂ ਭਬਾਤ ਜਾਣਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਜਲਦ ਹੱਲ ਲਈ ਮੰਤਰੀ ਨੇ ਐਲਾਨ ਕੀਤਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਐਸ.ਏ.ਐਸ. ਨਗਰ ਤੁਰੰਤ ਸਥਾਨਕ ਵਿਧਾਇਕ ਨਾਲ ਤਾਲਮੇਲ ਕਰਕੇ ਸਕੂਲਾਂ ਦੀ ਜ਼ਮੀਨ ਦੀ ਜਾਂਚ ਕਰਨਗੇ ਅਤੇ ਅੱਪਗ੍ਰੇਡੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣਗੇ।