ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਅਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਸਰਹੱਦ 'ਤੇ ਸੁਰੱਖਿਆ ਦੀ ਸੈਕਿੰਡ ਲਾਈਨ ਨੂੰ ਮਜ਼ਬੂਤ ਕਰਨ, ਹਥਿਆਰਬੰਦ ਬਲਾਂ ਵਿੱਚ ਪੰਜਾਬੀਆਂ ਦੀ ਭਰਤੀ ਨੂੰ ਹੁਲਾਰਾ ਦੇਣ ਅਤੇ ਸੇਵਾ ਕਰ ਰਹੇ ਸੈਨਿਕਾਂ ਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਪੰਜਾਬ ਸਰਕਾਰ ਅਤੇ ਭਾਰਤੀ ਫੌਜ ਦਰਮਿਆਨ ਵਧੇਰੇ ਮਜ਼ਬੂਤ ਸਹਿਯੋਗ ਦਾ ਸੱਦਾ ਦਿੱਤਾ।
ਚੰਡੀਗੜ੍ਹ ਵਿਖੇ ਥਲ ਸੈਨਾ ਮੁਖੀ (ਚੀਫ਼ ਆਫ਼ ਆਰਮੀ ਸਟਾਫ) ਜਨਰਲ ਧੀਰਜ ਸੇਠ ਨਾਲ ਹੋਈ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕੌਮੀ ਸੁਰੱਖਿਆ ਅਤੇ ਪੰਜਾਬ ਨਾਲ ਸਬੰਧਤ ਫੌਜੀ ਮਾਮਲਿਆਂ 'ਤੇ ਵੀ ਚਰਚਾ ਕੀਤੀ, ਜਿਸ ਵਿੱਚ ਸਰਹੱਦ ਪਾਰੋਂ ਹੁੰਦੀ ਸਮੱਗਲਿੰਗ ਨੂੰ ਰੋਕਣ ਲਈ ਐਂਟੀ-ਡਰੋਨ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਵੀ ਸ਼ਾਮਲ ਸੀ। ਇਸ ਮੁਲਾਕਾਤ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ 'ਤੇ ਲਿਖਿਆ: "ਅੱਜ ਮੈਂ ਚੰਡੀਗੜ੍ਹ ਵਿਖੇ ਭਾਰਤ ਦੇ 31ਵੇਂ ਥਲ ਸੈਨਾ ਮੁਖੀ ਜਨਰਲ ਧੀਰਜ ਸੇਠ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਅਸੀਂ ਦੇਸ਼ ਦੀ ਸੁਰੱਖਿਆ ਅਤੇ ਪੰਜਾਬ ਨਾਲ ਸਬੰਧਤ ਫੌਜੀ ਮਾਮਲਿਆਂ 'ਤੇ ਸਾਰਥਕ ਚਰਚਾ ਕੀਤੀ। ਸਾਡੀ ਸਰਕਾਰ ਦੇਸ਼ ਦੀ ਰੱਖਿਆ ਕਰਨ ਵਾਲੇ ਸਾਡੇ ਬਹਾਦਰ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨਕਲਾਬ ਜ਼ਿੰਦਾਬਾਦ।"
ਅੱਜ ਮੁਲਾਕਾਤ ਕਰਨ ਆਏ ਥਲ ਸੈਨਾ ਮੁਖੀ ਜਨਰਲ ਧੀਰਜ ਸੇਠ, ਪੀ.ਵੀ.ਐਸ .ਐਮ., ਯੂ.ਵਾਈ.ਐਸ.ਐਮ., ਈ.ਵੀ.ਐਸ.ਐਮ. ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬੀ ਹਮੇਸ਼ਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਮੋਹਰੀ ਰਹੇ ਹਨ। ਸੂਬਾ ਸਰਕਾਰ ਹਥਿਆਰਬੰਦ ਬਲਾਂ ਵਿੱਚ ਪੰਜਾਬੀਆਂ ਦੀ ਭਰਤੀ ਵਧਾਉਣ ਲਈ ਪਹਿਲਾਂ ਹੀ ਅਣਥੱਕ ਯਤਨ ਕਰ ਰਹੀ ਹੈ। 'ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼' ਅਤੇ 'ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ' ਦੇ ਨਾਲ-ਨਾਲ ਸੀ-ਪਾਈਟ ਕੇਂਦਰਾਂ ਦਾ ਨੈੱਟਵਰਕ ਇਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।" ਮੁੱਖ ਮੰਤਰੀ ਨੇ ਕਿਹਾ, "ਪੰਜਾਬ ਦੀ ਪਾਕਿਸਤਾਨ ਨਾਲ 532 ਕਿਲੋਮੀਟਰ ਲੰਬੀ ਸੰਵੇਦਨਸ਼ੀਲ ਸਰਹੱਦ ਲੱਗਦੀ ਹੈ, ਜਿਸ ਕਾਰਨ ਡਰੋਨਾਂ ਰਾਹੀਂ ਹੁੰਦੀ ਸਰਹੱਦ ਪਾਰੋਂ ਸਮੱਗਲਿੰਗ ਨੂੰ ਰੋਕਣ ਲਈ ਐਂਟੀ-ਡਰੋਨ ਤਕਨਾਲੋਜੀ ਦੇ ਨਾਲ-ਨਾਲ ਘੱਟ ਉਚਾਈ ਵਾਲੇ ਇੰਟਰਸੈਪਟਿਵ ਰਡਾਰ ਸਮੇਂ ਦੀ ਮੁੱਖ ਲੋੜ ਹਨ। ਪੰਜਾਬ, ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਆਪਣੀ ਖੁਦ ਦੀ ਐਂਟੀ-ਡਰੋਨ ਤਕਨਾਲੋਜੀ ਸਥਾਪਤ ਕੀਤੀ ਹੈ। ਮੈਂ ਪੰਜਾਬ ਪੁਲਿਸ, ਜੋ ਕਿ ਹਮੇਸ਼ਾ ਸੁਰੱਖਿਆ ਦੀ ਸੈਕਿੰਡ ਲਾਈਨ ਵਜੋਂ ਕੰਮ ਕਰਦੀ ਹੈ, ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਥਲ ਸੈਨਾ ਮੁਖੀ ਦੇ ਸਹਿਯੋਗ ਦੀ ਮੰਗ ਕਰਦਾ ਹਾਂ।"
ਸਾਬਕਾ ਸੈਨਿਕਾਂ ਦੀ ਭਲਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਸੂਬਾ ਸਰਕਾਰ ਉਨ੍ਹਾਂ ਸਾਬਕਾ ਸੈਨਿਕਾਂ ਨੂੰ ਨੌਕਰੀਆਂ ਦੇ ਰਹੀ ਹੈ ਜੋ ਪੈਸਕੋ (ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ) ਦੁਆਰਾ ਰੁਜ਼ਗਾਰ 'ਤੇ ਰੱਖੇ ਗਏ ਹਨ ਅਤੇ ਲੋਕਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ।" ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਵਿਸ਼ੇਸ਼ ਡੀ.ਜੀ.ਪੀ. ਪੀ.ਕੇ. ਸਿਨਹਾ, ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ (ਏ.ਵੀ.ਐਸ.ਐਮ, ਐਸ.ਐਮ.) ਆਰਮੀ ਕਮਾਂਡਰ ਵੈਸਟਰਨ ਕਮਾਂਡ, ਕਰਨਲ ਜਸਦੀਪ ਸੰਧੂ (ਸਲਾਹਕਾਰ, ਸਿਵਲ ਮਿਲਟਰੀ ਮਾਮਲੇ) ਅਤੇ ਹੋਰ ਵੀ ਹਾਜ਼ਰ ਸਨ।