ਅੰਮ੍ਰਿਤਸਰ : ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 ਦਾ ਗਠਨ ਸਮਾਰੋਹ (ਇੰਸਟਾਲੇਸ਼ਨ ਸ਼ੈਰੇਮਨੀ) ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਸ੍ਰਪਰਸਤੀ ਹੇਠ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਰੋਟਰੀ ਜ਼ਿਲਾ ਗਵਰਨਰ ਰੋਟੇਰੀਅਨ ਅਨਿਲ ਸਿੰਘਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਅਨਿਲ ਸਿੰਘਲ ਨੇ ਸੈਸ਼ਨ 2026-27 ਲਈ ਨਵੇਂ ਚੁਣੇ ਗਏ ਪ੍ਰਧਾਨ ਅਤੇ ਕਾਰਜਕਾਰੀ ਟੀਮ ਨੂੰ ਵਿਧੀਵਤ ਅਹੱੁਦੇ ਦੀ ਸਹੁੰ ਚੁਕਵਾਈ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ’ਚ ਉਨ੍ਹਾਂ ਅਹੁਦੇਦਾਰਾਂ ਨੂੰ ਰੋਟਰੀ ਦੇ ਮੂਲ ਉਦੇਸ਼ ‘ਸਰਵਿਸ ਅਬਵ ਸੈਲਫ’ ਨੂੰ ਅਪਨਾਉਂਦਿਆਂ ਸਮਾਜ ਦੀ ਭਲਾਈ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਜਦਕਿ ਰੋਟਰੀ ਕਲੱਬ ਆਫ਼ ਸਿਵਲ ਲਾਈਨਜ਼, ਅੰਮ੍ਰਿਤਸਰ ਦੇ ਪ੍ਰਧਾਨ (ਸੇਵਾਮੁਕਤ) ਡਾ. ਗੁਰਪ੍ਰੀਤ ਬੱਲ ਨੇ ਵਿਦਿਆਰਥੀਆਂ ਨੂੰ ਕਲੱਬ ਦੀਆਂ ਮੁੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਰੋਟਾਰੈਕਟ ਮੈਂਬਰਾਂ ਲਈ ਦੇਸ਼ ਅਤੇ ਵਿਦੇਸ਼ਾਂ ’ਚ ਵੱਖ-ਵੱਖ ਉੱਚ ਵਿਦਿਅਕ ਸੰਸਥਾਵਾਂ ’ਚ ਉਪਲਬਧ ਵਿਜ਼ੀਫੇਆਂ ਬਾਰੇ ਵੀ ਜਾਣਕਾਰੀ ਦਿੱਤੀ। ਸਮਾਰੋਹ ਦੇ ਅੰਤ ’ਚ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਸਮਾਰੋਹ ’ਚ ਗੁਰਪ੍ਰੀਤ ਬੱਲ, ਕਾਰਜਕਾਰੀ ਸਕੱਤਰ ਕਮਲ ਉੱਪਲ, ਚੇਅਰ ਯੁਵਾ ਸੇਵਾਵਾਂ ਰੋਟੇਰੀਅਨ ਅਮਨਦੀਪ ਸੇਖੋਂ ਅਤੇ ਸਕੱਤਰ ਡਾ. ਜਗਪ੍ਰੀਤ ਸਿੰਘ ਸੰਧੂ ਵਿਸ਼ੇਸ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਰੋਟਰੀਅਨ ਪ੍ਰੋ, ਵਿਜੈ ਕੁਮਾਰ ਅਤੇ ਰੋਟੇਰੀਅਨ ਨਰੇਸ਼ ਨੰਦ ਨੇ ਵੀ ਸ਼ਿਰਕਤ ਕੀਤੀ। ਕਾਲਜ ਰੋਟਰੈਕਟ ਕਲੱਬ ਦੇ ਫੈਕਲਟੀ ਅਤੇ ਕੋ-ਫੈਕਲਟੀ ਐਡਵਾਈਜ਼ਰ ਡਾ. ਗੁਰਵੇਲ ਸਿੰਘ ਮੱਲ੍ਹੀ ਅਤੇ ਡਾ. ਜਸਵਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਅਪਕ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।