ਮੋਗਾ : ਪਦਮ ਸ਼੍ਰੀ ਜਤਿੰਦਰ ਸਿੰਘ ਸ਼ੈਂਟੀ ਵੱਲੋਂ ਬੀਤੇ ਦਿਨੀਂ ਆਪਣੀ ਮੋਗਾ ਕੋਰ ਟੀਮ ਸਮੇਤ ਜ਼ਿਲ੍ਹਾ ਮੋਗਾ ਦੇ ਕਸਬਾ ਬਾਘਾ ਪੁਰਾਣਾ ਅਤੇ ਧਰਮਕੋਟ ਵਿਖੇ ਪਹੁੰਚ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਉਨ੍ਹਾਂ ਵੱਲੋਂ ਮੌਕੇ ’ਤੇ ਹੀ ਲੋਕਾਂ ਦੀ ਜਨ ਸੁਣਵਾਈ ਕਰਦਿਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮਸਲਿਆਂ ਨੂੰ ਸਬੰਧਤ ਮਹਿਕਮਿਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਵਾਈ ਗਈ। ਪਦਮ ਸ਼੍ਰੀ ਜਤਿੰਦਰ ਸਿੰਘ ਸ਼ੈਂਟੀ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਸਾਡੀ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਸਰਕਾਰੀ ਵਿਭਾਗ ਨਾਲ ਸਬੰਧਤ ਕੋਈ ਮਸਲਾ ਆਉਂਦਾ ਹੈ ਤਾਂ ਉਹ ਮੋਗਾ ਕੋਰ ਟੀਮ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ। ਕੋਰ ਟੀਮ ਵੱਲੋਂ ਲੋਕਾਂ ਦੀ ਆਵਾਜ਼ ਨੂੰ ਸਬੰਧਤ ਵਿਭਾਗ ਤੱਕ ਪਹੁੰਚਾ ਕੇ ਮਸਲੇ ਦੇ ਹੱਲ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਕੋਰ ਟੀਮ ਮੈਂਬਰ ਗੁਰਜੋਤ ਸਿੰਘ ਅਤੇ ਭਾਵਨਾ ਬੰਸਲ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਟੀਮ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਲੋਕਾਂ ਦੀ ਸੇਵਾ ਲਈ ਅਜਿਹੀਆਂ ਜਨ ਸੁਣਵਾਈਆਂ ਜਾਰੀ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਬੇਝਿਜਕ ਕੋਰ ਟੀਮ ਦੇ ਮੈਂਬਰਾਂ ਨਾਲ ਸਾਂਝੀਆਂ ਕਰਨ।