ਪਟਿਆਲਾ : ਪਟਿਆਲਾ ਵਿਖੇ ਭਾਰਤੀ ਫ਼ੌਜ ਵੱਲੋਂ ਕਰਵਾਈ ਗਈ 10 ਰੋਜ਼ਾ ਅਗਨੀਵੀਰ ਭਰਤੀ ਰੈਲੀ ਸਫ਼ਲਤਾਪੂਰਵਕ ਸੰਪੰਨ ਹੋ ਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ.ਡੀ.ਸੀ (ਜ) ਅਨੁਪ੍ਰਿਤਾ ਜੌਹਲ ਅਤੇ ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਰਮੀ ਭਰਤੀ ਦਫ਼ਤਰ ਪਟਿਆਲਾ ਤੇ ਏਅਰਾਵਤ ਡਿਵੀਜ਼ਨ ਦੇ ਸਥਾਨਕ ਮਿਲਟਰੀ ਅਧਿਕਾਰੀਆਂ ਦਰਮਿਆਨ ਨਜ਼ਦੀਕੀ ਤਾਲਮੇਲ ਸਦਕਾ ਭਰਤੀ ਰੈਲੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੀ। ਇਸ ਦੌਰਾਨ ਲਗਭਗ 11 ਹਜ਼ਾਰ ਸੰਭਾਵੀ ਅਗਨੀਵੀਰ ਉਮੀਦਵਾਰਾਂ ਨੇ ਭਾਗ ਲਿਆ। ਰੈਲੀ ਵਿੱਚ ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ 1 ਤੋਂ 10 ਜੂਨ 2026 ਤੱਕ ਹੋਈ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਤਸ਼ਾਹੀ ਨੌਜਵਾਨਾਂ ਨੇ ਦੋ ਪੜਾਵਾਂ ਵਿੱਚ ਹਿੱਸਾ ਲਿਆ। ਪਹਿਲੇ ਪੜਾਅ ਵਿੱਚ ਸਰੀਰਕ ਟੈਸਟ, ਜਿਸ ਵਿੱਚ 1.6 ਕਿਲੋਮੀਟਰ ਦੌੜ, ਚਿਨ-ਅੱਪ, ਬੈਲੈਂਸ ਵਾਕ ਅਤੇ 9 ਫੁੱਟ ਡਿੱਚ ਜੰਪ ਸ਼ਾਮਲ ਸਨ, ਦੇ ਨਾਲ-ਨਾਲ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਗਈ। ਇਸ ਤੋਂ ਬਾਅਦ ਅਗਲੇ ਦਿਨ ਮੈਡੀਕਲ ਫਿਟਨੈੱਸ ਟੈਸਟ ਕਰਵਾਇਆ ਗਿਆ। ਸਰੀਰਕ ਟੈਸਟ ਵਿੱਚ ਸਫ਼ਲ ਹੋਣ ਵਾਲੇ ਉਮੀਦਵਾਰਾਂ ਦੀ ਦਰ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਬਿਹਤਰ ਰਹੀ, ਜੋ ਨੌਜਵਾਨਾਂ ਦੀ ਵਧ ਰਹੀ ਤਿਆਰੀ ਅਤੇ ਉਤਸ਼ਾਹ ਨੂੰ ਦਰਸਾਉਂਦਾ ਇੱਕ ਸਕਾਰਾਤਮਕ ਰੁਝਾਨ ਹੈ।
ਰੈਲੀ ਦੌਰਾਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਮਿਲਟਰੀ ਅਧਿਕਾਰੀਆਂ ਵੱਲੋਂ ਨੌਜਵਾਨਾਂ ਨੂੰ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਡੀਸੀ ਅਨੁਪ੍ਰਿਤਾ ਜੌਹਲ ਤੇ ਸਹਾਇਕ ਕਮਿਸ਼ਨਰ ਨਵਜੋਤ ਕੌਰ ਮਾਵੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈਲੀ ਦੀ ਯੋਜਨਾਬੰਦੀ ਤੋਂ ਲੈ ਕੇ ਇਸ ਨੂੰ ਅਮਲੀ ਰੂਪ ਦੇਣ ਤੱਕ ਪੂਰੀ ਤਰ੍ਹਾਂ ਸਰਗਰਮ ਰਹੇ।