ਅੰਮ੍ਰਿਤਸਰ : ਖ਼ਾਲਸਾ ਕਾਲਜ ਵਿਖੇ ਪ੍ਰਵਾਸੀ ਜੀਵਨ ਨਾਲ ਜੁੜੇ ਤਜਰਬਿਆਂ, ਸੰਘਰਸ਼ਾਂ ਅਤੇ ਸਫ਼ਲਤਾਵਾਂ ਨੂੰ ਰੂਬਰੂ ਕਰਵਾਉਣ ਵਾਲੀ ਪੁਸਤਕ ‘ਆਸਟਰੇਲੀਆ ਜਿਵੇਂ ਮੈਂ ਵੇਖਿਆ’ (ਸਫ਼ਰਨਾਮਾ)’ ਨੂੰ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਵੱਲੋਂ ਲੋਕ ਅਰਪਿਤ ਕੀਤਾ ਗਿਆ। ਇਸ ਪੁਸਤਕ ’ਚ ਆਸਟਰੇਲੀਆ ਦੇ ਸਮਾਜਿਕ, ਸੱਭਿਆਚਾਰਕ, ਵਿੱਦਿਅਕ ਅਤੇ ਆਰਥਿਕ ਜੀਵਨ ਦਾ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਯਥਾਰਥ ਚਿੱਤਰਣ ਕੀਤਾ ਗਿਆ ਹੈ। ਇਸ ਸਬੰਧੀ ਪ੍ਰਿੰ: ਡਾ. ਰੰਧਾਵਾ ਨੇ ਲੇਖਕ ਅਤੇ ਨਾਮਵਰ ਪੱਤਰਕਾਰ ਸ: ਜਸਵਿੰਦਰ ਸਿੰਘ ਬਹੋੜੂ ਨੂੰ ਉਕਤ ਪੁਸਤਕ ਸਬੰਧੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਿਤਾਬ ਪਾਠਕਾਂ ਲਈ ਇਕ ਵਿਲੱਖਣ ਤੋਹਫ਼ਾ ਸਾਬਤ ਹੋਵੇਗੀ। ਇਹ ਪੁਸਤਕ ਸਿਰਫ਼ ਇੱਕ ਯਾਤਰਾ ਵਰਣਨ ਨਹੀਂ, ਸਗੋਂ ਆਸਟਰੇਲੀਆ ਦੇ ਸਮਾਜਿਕ, ਸੱਭਿਆਚਾਰਕ, ਵਿਦਿਅਕ ਅਤੇ ਆਰਥਿਕ ਜੀਵਨ ਦਾ ਪ੍ਰਮਾਣਿਕ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਪੁਸਤਕ ਰਾਹੀਂ ਪਾਠਕਾਂ ਨੂੰ ਉੱਥੋਂ ਦੇ ਜੀਵਨ ਦੇ ਅਸਲ ਪੱਖਾਂ, ਮੌਕਿਆਂ ਅਤੇ ਚੁਣੌਤੀਆਂ ਬਾਰੇ ਪ੍ਰਮਾਣਿਕ ਜਾਣਕਾਰੀ ਮਿਲੇਗੀ। ਉਨ੍ਹਾਂ ਉਮੀਦ ਪ੍ਰਗਟਾਉਂਦਿਆਂ ਕਿਹਾ ਕਿ ਇਹ ਸਫ਼ਰਨਾਮਾ ਪਾਠਕਾਂ ਨੂੰ ਵਿਦੇਸ਼ੀ ਜੀਵਨ ਨੂੰ ਸਮਝਣ ਦੇ ਨਾਲ-ਨਾਲ ਆਪਣੇ ਸੁਪਨਿਆਂ ਨੂੰ ਹਕੀਕਤ ’ਚ ਬਦਲਣ ਲਈ ਸਹੀ ਦਿਸ਼ਾ ਅਤੇ ਪ੍ਰੇਰਣਾ ਵੀ ਪ੍ਰਦਾਨ ਕਰੇਗਾ। ਇਸ ਮੌਕੇ ਪਿ੍ਰੰੰ: ਡਾ. ਰੰਧਾਵਾ ਨਾਲ ਮੌਜ਼ੂਦ ਕਾਲਜ ਦੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨੇ ਸਾਹਿਤਕ ਹਲਕਿਆਂ ’ਚ ਇਸ ਪੁਸਤਕ ਨੂੰ ਪੰਜਾਬੀ ਸਫ਼ਰਨਾਮਾ ਸਾਹਿਤ ’ਚ ਮਹੱਤਵਪੂਰਨ ਯੋਗਦਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਰਚਨਾ ਨਾ ਸਿਰਫ਼ ਵਿਦੇਸ਼ੀ ਜੀਵਨ ਦੀ ਅਸਲ ਤਸਵੀਰ ਪੇਸ਼ ਕਰਦੀ ਹੈ, ਸਗੋਂ ਪਾਠਕਾਂ ਨੂੰ ਨਵੇਂ ਦੇਸ਼ ਦੀ ਸੰਸਕ੍ਰਿਤੀ, ਪ੍ਰਬੰਧ ਅਤੇ ਜੀਵਨ ਮੁੱਲਾਂ ਨੂੰ ਸਮਝਣ ਦਾ ਵੀ ਮੌਕਾ ਦਿੰਦੀ ਹੈ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਲੇਖਕ ਬਹੋੜੂ ਦੀ ਉਕਤ ਪੁਸਤਕ ਹਰੇਕ ਵਰਗ ਦੇ ਪਾਠਕਾਂ ਲਈ ਗਿਆਨਵਰਧਕ ਅਤੇ ਪ੍ਰੇਰਣਾਦਾਇਕ ਸਾਬਤ ਹੋਵੇਗੀ।