ਤਪਾ ਮੰਡੀ : ਇਲਾਕੇ ਦੀ ਅੰਦਰਲੀ ਅਨਾਜ ਮੰਡੀ 'ਚ ਲੱਗੇ ਕੂੜੇ ਦੇ ਢੇਰਾਂ ਤੋਂ ਪਰੇਸ਼ਾਨ ਆੜਤੀਆਂ ਵੱਲੋਂ ਮਾਰਕੀਟ ਕਮੇਟੀ ਪ੍ਰਬੰਧਕਾਂ ਖਿਲਾਫ ਰੋਸ ਜਾਹਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਟਾਂਡਾ,ਰਾਜੂ ਤਾਜੋ,ਲਵੀ ਕੁਮਾਰ,ਮੱਖਣ ਲਾਲ ਸੁਨਾਮੀਆਂ,ਰਵਿੰਦਰ ਕੁਮਾਰ ਨਿਓਲਾ ਘੁੰਨਸ,ਸੁਰੇਸ਼ ਕੁਮਾਰ ਸ਼ੰਭੂ,ਰਿਚੀ ਭੱਟਾ,ਹਰਬੰਸ ਲਾਲ ਹਸੀਜਾ ਨੇ ਮਾਰਕੀਟ ਕਮੇਟੀ ਪ੍ਰਬੰਧਕਾਂ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੰਡੀ ਵਿਚ ਸਾਰਾ ਦਿਨ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਪਰ ਸਫ਼ਾਈ ਅਤੇ ਸਿਹਤ ਸੁਰੱਖਿਆ ਦੇ ਕੋਈ.ਯੋਗ ਪ੍ਰਬੰਧ ਨਹੀਂ ਹਨ। ਕੂੜੇ ਦੇ ਢੇਰਾਂ ਦੇ ਨਾਲ-ਨਾਲ ਲੋਕਾਂ ਵੱਲੋਂ ਖੁੱਲ੍ਹੇ ਵਿਚ ਪਿਸ਼ਾਬ ਕਰਨ ਕਾਰਨ ਬਦਬੂ ਹੋਰ ਵੀ ਵੱਧ ਜਾਂਦੀ ਹੈ, ਜਿਸ ਨਾਲ ਮੰਡੀ ਵਿਚ ਬੈਠਣਾ ਅਤੇ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ। ਇਸ ਕਾਰਨ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।ਆੜ੍ਹਤੀਆਂ ਨੇ ਇਹ ਵੀ ਦੱਸਿਆ ਕਿ ਕਰੀਬ ਚਾਰ ਮਹੀਨਿਆਂ ਤੋਂ ਮੰਡੀ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਪਰ ਮਾਰਕੀਟ ਕਮੇਟੀ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਅਨਾਜ ਮੰਡੀ ਦੇ ਵਿਚਕਾਰ ਬਣੀ ਸੜਕ.ਨਗਰ ਕੌਸਲ ਨੇ ਉਚੀ ਕਰ ਦਿੱਤੀ,ਬਰਸਾਤ ਦੇ ਦਿਨਾਂ ਵਿਚ ਮੀਂਹ ਦਾ ਪਾਣੀ ਅਨਾਜ ਮੰਡੀ ‘ਚ ਦਾਖਲ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ ,ਅਗਰ ਉਸ ਸਮੇਂ ਕੋਈ ਫਸਲ ਆਈ ਹੋਵੇ ਤਾਂ ਸਾਰੀ ਫਸਲ ਪਾਣੀ ‘ਚ ਡੁੱਬਕੇ ਖਰਾਬ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਫ਼ਸਲਾਂ ਤੋਂ ਲੱਖਾਂ ਰੁਪਏ ਮਾਰਕੀਟ ਫੀਸ ਵਜੋਂ ਇਕੱਠੇ ਕਰਦੀ ਹੈ, ਪਰ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਹਰਦੀਪ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੰਦਰਲੀ ਅਨਾਜ ਮੰਡੀ ਡੀ-ਨੋਟੀਫਾਈ ਹੋ ਚੁੱਕੀ ਹੈ ਅਤੇ ਆੜ੍ਹਤੀਆਂ ਨੂੰ ਪਹਿਲਾਂ ਹੀ ਬਾਹਰਲੀ ਅਨਾਜ ਮੰਡੀ ਵਿਚ ਫ਼ਸਲ ਉਤਾਰਨ ਲਈ ਲਿਖਤੀ ਰੂਪ ਵਿਚ ਕਿਹਾ ਗਿਆ ਸੀ,ਪਰ ਆੜ੍ਹਤੀਆਂ ਨੇ ਲਿਖਤੀ ਤੋਰ ਤੇ ਕਿਹਾ ਸੀ ਕਿ ਉਹ ਖੁਦ ਮੰਡੀ ਦੀ ਸਫਾਈ ਅਤੇ ਹੋਏ ਨੁਕਸਾਨ ਦੀ ਭਰਵਾਈ ਕਰਨਗੇ,ਮੂੰਗੀ ‘ਤੇ ਕਮੇਟੀ ਵੱਲੋਂ ਕੋਈ ਮਾਰਕੀਟ ਫੀਸ ਨਹੀਂ ਲਈ ਜਾਂਦੀ, ਉੱਧਰ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕੰਮ ਪ੍ਰਭਾਵਿਤ ਹੋਇਆ ਹੈ, ਪਰ ਇੱਕ-ਦੋ ਦਿਨਾਂ ਵਿੱਚ ਮੰਡੀ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ।