ਤਪਾ ਮੰਡੀ :ਆਉਟਸੋਰਸਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਰਾਮਗੜ੍ਹੀਆ ਤਪਾ ਨੇ ਅੱਜ ਸਮੂਹ ਆਉਟਸੋਰਸ ਮਿਉਂਸਪਲ ਕਾਮੇ ਕਲਰਕ, ਕੰਪਿਊਟਰ ਉਪਰੇਟਰ, ਇਲੈਕਟ੍ਰੀਸ਼ੀਅਨ, ਹੈਲਪਰ, ਪਲੰਬਰ, ਮਾਲੀ, ਬੇਲਦਾਰ, ਚੌਕੀਦਾਰ, ਸੇਵਾਦਾਰ, ਫਾਇਰਮੈਨ, ਸੁਪਰਵਾਈਜ਼ਰ, ਡਰਾਇਵਰ, ਪੰਪ ਓਪਰੇਟਰ ਆਦਿ ਦੀਆਂ ਮੰਗਾਂ ਦਾ ਮੁੱਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਗੇ ਚੁੱਕਿਆ। ਹਰਦੀਪ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਡਿਊਟੀ ਸਮਝਦੇ ਹੋਏ ਪਿਛਲੇ ਕਾਫੀ ਸਾਲਾਂ ਤੋਂ ਸਰਵਿਸ ਕਰ ਰਹੇ ਹਨ, ਪਰ ਹਰ ਵਾਰੀ ਸਮੇਂ-ਸਮੇਂ ਦੀਆ ਸਰਕਾਰਾ ਨੇ ਸਾਨੂੰ ਆਊਟਸੋਰਸ ਤੋਂ ਕੰਟਰੈਕਟ ਬੇਸ ਤੇ ਨਹੀਂ ਕੀਤਾ। ਪਰ ਇਸ ਵਾਰ ਆਪ ਦੀ ਸਰਕਾਰ ਵੱਲੋ ਆਪ ਹੀ ਬਿਆਨ ਦੇ ਕੇ ਪ੍ਰੋਸੀਡਿੰਗ ਮਿਤੀ 21 ਮਈ 2026 ਨੂੰ ਜਾਰੀ ਕਰਕੇ ਅਤੇ ਸਮੇਂ-ਸਮੇਂ ਤੇ ਗੁਰੱਪ ਸੀ ਅਤੇ ਡੀ ਦਾ ਡਾਟਾ ਐਚ.ਆਰ. ਐਮ.ਐਸ( ਐਨ.ਆਈ.ਸੀ) ਪੋਰਟਲ ਤੇ ਭਰਨ ਲਈ ਕਿਹਾ ਗਿਆ ਸੀ, ਜਿਸ ਵਿਚੋਂ ਵੀ ਕੁਝ ਵੀ ਪੱਲੇ ਨਹੀਂ ਪਿਆ। ਜਦ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਆ ਰਹੇ ਹਨ, ਹਰ ਵਾਰ ਸਾਡੇ ਨਾਲ ਸਰਕਾਰਾਂ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਅਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਪਰੰਤ ਕੈਬਨਿਟ ਮੰਤਰੀ ਨੇ ਸਮੂਹ ਮਿਉਂਸਪਲ ਕਾਮਿਆਂ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੀਆਂ ਮੰਗਾਂ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਸਰਕਾਰ ਮਿਉਂਸਪਲ ਕਾਮਿਆਂ ਦੀਆਂ ਮੰਗਾਂ ਪ੍ਰਵਾਨ ਕਰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।