ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਮਿਆਰੀ ਸਹੂਲਤਾਂ ਦੇਣ ਲਈ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਦਫ਼ਤਰੀ ਛੁੱਟੀ ਹੋਣ ਮਗਰੋਂ ਵੀ ਦੇਰ ਸ਼ਾਮ ਤੱਕ ਮੇਅਰ ਸਾਹਿਬ ਨੇ 'ਆਨ ਡਿਊਟੀ' ਰਹਿੰਦਿਆਂ ਨਗਰ ਨਿਗਮ ਦੀ ਤਕਨੀਕੀ ਟੀਮ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਕਲੋਨੀਆਂ ਦਾ ਅਚਾਨਕ ਦੌਰਾ ਕੀਤਾ ਅਤੇ ਉੱਥੇ ਮੁਕੰਮਲ ਹੋਏ ਵੱਖ ਵੱਖ ਵਿਕਾਸ ਕਾਰਜਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਨਗਰ ਨਿਗਮ ਦੇ ਐੱਸ.ਡੀ.ਓ. ਹਰਦੀਪ ਸਿੰਘ ਅਤੇ ਜੇ.ਈ. ਰੋਹਿਤ ਕੁਮਾਰ ਵੀ ਖ਼ਾਸ ਤੌਰ 'ਤੇ ਮੌਜੂਦ ਸਨ, ਜਿਨ੍ਹਾਂ ਨੇ ਮੇਅਰ ਨੂੰ ਕੰਮਾਂ ਦੀ ਤਕਨੀਕੀ ਗੁਣਵੱਤਾ ਅਤੇ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਮੇਅਰ ਨੇ ਹਦਾਇਤ ਕੀਤੀ ਕਿ ਜਦੋਂ ਤੱਕ ਮੌਕੇ 'ਤੇ ਪੂਰੀ ਤਰ੍ਹਾਂ ਸਫ਼ਾਈ ਨਹੀਂ ਹੋ ਜਾਂਦੀ ਅਤੇ ਮਲਬਾ ਨਹੀਂ ਹਟਾਇਆ ਜਾਂਦਾ, ਉਦੋਂ ਤੱਕ ਸਬੰਧਿਤ ਠੇਕੇਦਾਰਾਂ ਦੀ ਪੇਮੈਂਟ ਜਾਰੀ ਨਾ ਕੀਤੀ ਜਾਵੇ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਬਿਨਾਂ ਕਿਸੇ ਖ਼ੱਜਲ-ਖ਼ੁਆਰੀ ਦੇ ਮਿਲਣਾ ਹੀ ਨਗਰ ਨਿਗਮ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਅਜਿਹੇ ਅਚਾਨਕ ਨਿਰੀਖਣ ਲਗਾਤਾਰ ਜਾਰੀ ਰਹਿਣਗੇ।