ਚੰਡੀਗੜ੍ਹ : ਹਰਿਆਣਾ ਸਰਕਾਰ ਦੇ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਵਿਭਾਗ ਦੇ ਅਧੀਨ ਆਉਂਦੇ ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਰਾਜ ਦੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕਿਆਂ ਨਾਲ ਜੋੜਨ ਲਈ ਇੱਕ ਅਹਿਮ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਨੂੰ ਸੈਰ-ਸਪਾਟਾ ਅਤੇ ਹੌਸਪਿਟੈਲਿਟੀ ਖ਼ੇਤਰ ਵਿੱਚ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ 'ਹੋਮ ਸਟੇ' ਦੀ ਮੁਫ਼ਤ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀ ਮੰਗੀਆਂ ਗਈਆਂ ਹਨ। ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਰਾਜ ਦੇ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਹੋਮ ਸਟੇ ਸਿਖਲਾਈ ਲਈ ਅਰਜ਼ੀ ਭਰਨ ਦੇ ਯੋਗ ਹੋਣਗੇ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਸੂਬੇ ਦੇ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਨੂੰ ਹੋਮ ਸਟੇ ਕਾਰੋਬਾਰ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣਾ ਹੈ। ਜੋ ਵੀ ਇੱਛੁਕ ਅਤੇ ਯੋਗ ਉਮੀਦਵਾਰ ਇਸ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ 4 ਅਗਸਤ 2026 ਤੋਂ ਲੈ ਕੇ 16 ਅਗਸਤ 2026 ਤੱਕ ਆਪਣੇ ਸਬੰਧਤ ਜ਼ਿਲ੍ਹਾ ਨੋਡਲ ਆਈ.ਟੀ.ਆਈ. ਵਿੱਚ ਜਾ ਕੇ ਆਪਣਾ ਅਰਜ਼ੀ ਫ਼ਾਰਮ ਜਮ੍ਹਾ ਕਰਵਾ ਸਕਦੇ ਹਨ। ਯੋਜਨਾ ਨਾਲ ਸਬੰਧਤ ਵਿਸਥਾਰਤ ਜਾਣਕਾਰੀ, ਅਰਜ਼ੀ ਅਤੇ ਸਾਰੇ ਜ਼ਰੂਰੀ ਨਿਯਮ ਤੇ ਸ਼ਰਤਾਂ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.itiharyana.gov.in 'ਤੇ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ, ਜਿੱਥੋਂ ਉਮੀਦਵਾਰ ਇਨ੍ਹਾਂ ਨੂੰ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰਾਂ ਦੀ ਚੋਣ ਦੀ ਪੂਰੀ ਪ੍ਰਕਿਰਿਆ ਵਿੱਚ ਵਿਭਾਗ ਦਾ ਫ਼ੈਸਲਾ ਹੀ ਆਖਰੀ ਅਤੇ ਸਰਵਮਾਨਯ ਹੋਵੇਗਾ।