ਸਮਾਣਾ : ਪੰਜਾਬ ਪੀ.ਡੀ.ਐੱਸ. (PDS) ਦੇ ਚੇਅਰਮੈਨ ਸ਼ਾਮ ਲਾਲ ਪੰਜੋਲਾ ਵੱਲੋਂ ਅੱਜ ਮਿੰਨੀ ਸਕੱਤਰੇਤ, ਸੈਕਟਰ-9 ਚੰਡੀਗੜ੍ਹ ਵਿਖੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਬੈਠਕ ਦੌਰਾਨ ਰਾਸ਼ਨ ਵੰਡ ਪ੍ਰਣਾਲੀ ਦੌਰਾਨ ਪੰਜ ਪਰਚੀਆਂ ਕੱਟਣ ਨਾਲ ਜੁੜੀ ਆ ਰਹੀ ਗੰਭੀਰ ਸਮੱਸਿਆ ਬਾਰੇ ਵਿਸਥਾਰ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਗਈ।
ਮੁਲਾਕਾਤ ਦੌਰਾਨ ਚੇਅਰਮੈਨ ਸ਼ਾਮ ਲਾਲ ਪੰਜੋਲਾ ਨੇ ਸਕੱਤਰ ਰਾਹੁਲ ਤਿਵਾੜੀ ਦੇ ਧਿਆਨ ਵਿੱਚ ਲਿਆਂਦਾ ਕਿ ਪੰਜ ਪਰਚੀਆਂ ਕੱਟਣ ਦੀ ਪ੍ਰਕਿਰਿਆ ਦੇ ਚੱਲਦਿਆਂ ਡੀਪੂ ਹੋਲਡਰਾਂ ਅਤੇ ਲਾਭਪਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਵਿਭਾਗੀ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਉਣ ਅਤੇ ਰਾਸ਼ਨ ਵੰਡ ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣ ਦੀ ਮੰਗ ਰੱਖੀ।
ਇਸ ਗੰਭੀਰ ਮੁੱਦੇ 'ਤੇ ਹਾਂਪੱਖੀ ਹੁੰਗਾਰਾ ਭਰਦਿਆਂ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਸਮੱਸਿਆ ਦੇ ਹੱਲ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਸਬੰਧ ਵਿੱਚ ਭਾਰਤ ਸਰਕਾਰ ਦੇ ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਜਲਦ ਹੀ ਇੱਕ ਡੀ.ਓ. (DO) ਲੈਟਰ ਲਿਖਿਆ ਜਾਵੇਗਾ।
ਸਕੱਤਰ ਸਾਹਿਬ ਨੇ ਇਹ ਵੀ ਯਕੀਨ ਦਿਵਾਇਆ ਕਿ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਬਹੁਤ ਜਲਦ ਇਸ ਵਿਵਸਥਾ ਵਿੱਚ ਲੋੜੀਂਦੇ ਸੁਧਾਰ ਕੀਤੇ ਜਾਣਗੇ, ਤਾਂ ਜੋ ਆਮ ਲੋਕਾਂ ਅਤੇ ਡੀਪੂ ਹੋਲਡਰਾਂ ਨੂੰ ਆ ਰਹੀ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ।