ਖਨੌਰੀ : ਉੱਤਰੀ ਭਾਰਤ ਦੀਆਂ ਪ੍ਰਮੁੱਖ ਅਤੇ ਮਸ਼ਹੂਰ ਟਰੱਕ ਮਾਰਕੀਟਾਂ ਵਿੱਚ ਸ਼ੁਮਾਰ ਖਨੌਰੀ ਦੀ ਵਿਸ਼ਵਕਰਮਾ ਟਰੱਕ ਮਾਰਕੀਟ ਇਨ੍ਹੀਂ ਦਿਨੀਂ ਬਰਸਾਤੀ ਮੌਸਮ ਦੌਰਾਨ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਮਾਰਕੀਟ ਦੇ ਕਈ ਹਿੱਸਿਆਂ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾਕਾਫ਼ੀ ਸਾਬਤ ਹੋ ਜਾਂਦਾ ਹੈ ਅਤੇ ਸੜਕਾਂ ਤੇ ਗਲੀਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ। ਖਾਸ ਕਰਕੇ ਪੁਰਾਣੇ ਤਾਜ ਕੰਪਲੈਕਸ ਦੀ ਸਥਿਤੀ ਬਰਸਾਤ ਦੇ ਦਿਨਾਂ ਵਿੱਚ ਹੋਰ ਵੀ ਗੰਭੀਰ ਹੋ ਜਾਂਦੀ ਹੈ। ਕੰਪਲੈਕਸ ਦੀਆਂ ਕਈ ਗਲੀਆਂ ਅਜੇ ਵੀ ਕੱਚੀਆਂ ਹੋਣ ਕਾਰਨ ਮੀਂਹ ਪੈਣ ਉਪਰੰਤ ਇੱਥੇ ਥਾਂ-ਥਾਂ ਗੰਦੇ ਪਾਣੀ ਦੇ ਛੱਪੜ ਬਣ ਜਾਂਦੇ ਹਨ। ਪਾਣੀ ਅਤੇ ਚਿੱਕੜ ਕਾਰਨ ਦੁਕਾਨਾਂ ਤੱਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਵੀ ਇਸ ਦਾ ਸਿੱਧਾ ਅਸਰ ਪੈਂਦਾ ਹੈ।
ਡੱਬੀ
ਕੱਚੀਆਂ ਗਲੀਆਂ ਕਾਰਨ ਚਿੱਕੜ ਤੇ ਗੰਦਾ ਪਾਣੀ ਬਣਿਆ ਮੁਸੀਬਤ
ਬਰਸਾਤ ਦੌਰਾਨ ਕੰਪਲੈਕਸ ਦੀਆਂ ਕੱਚੀਆਂ ਗਲੀਆਂ ਵਿੱਚ ਪਾਣੀ ਖੜ੍ਹਨ ਤੋਂ ਬਾਅਦ ਚਿੱਕੜ ਬਣ ਜਾਂਦਾ ਹੈ। ਮਾਰਕੀਟ ਵਿੱਚ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਉਨ੍ਹਾਂ ਮੁਤਾਬਕ ਜੇਕਰ ਮੀਂਹ ਕੁਝ ਸਮੇਂ ਲਈ ਵੀ ਪੈ ਜਾਵੇ ਤਾਂ ਕਈ ਥਾਵਾਂ ’ਤੇ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਲੋਕਾਂ ਲਈ ਦੁਕਾਨਾਂ ਤੱਕ ਪਹੁੰਚਣਾ ਵੀ ਔਖਾ ਹੋ ਜਾਂਦਾ ਹੈ।
ਡੱਬੀ
ਕਰੋੜਾਂ ਦੀ ਕਮਾਈ ਤੋਂ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕੰਪਲੈਕਸ?
ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੰਪਲੈਕਸ ਵਿੱਚ ਪਲਾਟ ਵੇਚ ਕੇ ਕਲੋਨਾਈਜ਼ਰਾਂ ਵਲੋਂ ਕਰੋੜਾਂ ਰੁਪਏ ਦਾ ਕਾਰੋਬਾਰ ਕੀਤਾ ਗਿਆ, ਪਰ ਇਸ ਦੇ ਬਾਵਜੂਦ ਕੰਪਲੈਕਸ ਦੀਆਂ ਗਲੀਆਂ ਅਤੇ ਪਾਣੀ ਦੀ ਨਿਕਾਸੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਪੂਰੀ ਤਰ੍ਹਾਂ ਵਿਕਸਤ ਨਹੀਂ ਕੀਤਾ ਗਿਆ।
ਡੱਬੀ
ਪ੍ਰਸ਼ਾਸਨ ਤੋਂ ਪੱਕੀਆਂ ਗਲੀਆਂ ਅਤੇ ਨਿਕਾਸੀ ਪ੍ਰਬੰਧ ਦੀ ਮੰਗ
ਟਰੱਕ ਮਾਰਕੀਟ ਦੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਰਾਣੇ ਤਾਜ ਕੰਪਲੈਕਸ ਦੀਆਂ ਕੱਚੀਆਂ ਗਲੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵਲੋਂ ਹਰ ਸਾਲ ਬਰਸਾਤਾਂ ਦੌਰਾਨ ਪੈਦਾ ਹੋਣ ਵਾਲੀ ਇਸ ਸਮੱਸਿਆ ਦਾ ਸਥਾਈ ਹੱਲ ਕਦੋਂ ਕੀਤਾ ਜਾਂਦਾ ਹੈ।