ਸੁਨਾਮ : ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡਾਂ ਵਿੱਚੋਂ ਲੰਘਦੀ ਸੁਨਾਮ ਛਾਹੜ ਨੂੰ ਜਾਂਦੀ ਸੜਕ ਜਗ੍ਹਾ ਜਗ੍ਹਾ ਤੋਂ ਟੁੱਟੀ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤਾਂ ਦੇ ਦਿਨਾਂ ਵਿੱਚ ਸੜਕ ਤੇ ਖੜਾ ਬਰਸਾਤੀ ਪਾਣੀ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਲੋਕਾਂ ਵੱਲੋਂ ਭਗਵੰਤ ਮਾਨ ਸਰਕਾਰ ਦੇ ਵਿਕਾਸ ਮਾਡਲ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਸੁਨਾਮ ਹਲਕੇ ਦੀ ਹਦੂਦ ਖਤਮ ਹੁੰਦਿਆਂ ਹੀ ਛਾਹੜ , ਚੱਠਾ ਨਨਹੇੜਾ ਨੂੰ ਜਾਂਦੀ ਸੜਕ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੜਕ ਤੇ ਪਏ ਟੋਇਆਂ ਕਾਰਨ ਸੜਕ ਤੇ ਖੜ੍ਹਦਾ ਬਰਸਾਤੀ ਪਾਣੀ ਰਾਹਗੀਰਾਂ ਲਈ ਮੁਸੀਬਤ ਬਣ ਜਾਂਦਾ ਹੈ। ਹਾਲਾਤ ਉਦੋਂ ਹੋਰ ਵੀ ਮਾੜੇ ਹੋ ਜਾਂਦੇ ਹਨ ਜਦੋਂ ਦੋ ਪਹੀਆ ਵਾਹਨ ਚਾਲਕ ਚਿੱਕੜ ਵਿੱਚ ਡਿੱਗ ਜਾਂਦੇ ਹਨ। ਰਾਹਗੀਰਾਂ ਪਰਮਜੀਤ ਸਿੰਘ, ਬਲਵੰਤ ਸਿੰਘ, ਸਰੂਪ ਚੰਦ, ਸਤਗੁਰ ਸਿੰਘ ਅਤੇ ਅਮਰੀਕ ਸਿੰਘ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨਿੱਤ ਦਿਨ ਪੰਜਾਬ ਅੰਦਰ ਵਿਕਾਸ ਦੇ ਦਾਅਵੇ ਕਰ ਰਹੀ ਹੈ ਲੇਕਿਨ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਆਖਿਆ ਕਿ ਸੁਨਾਮ ਤੋਂ ਛਾਹੜ ਨੂੰ ਜਾਂਦੀ ਸੜਕ ਦੀ ਹਾਲਤ ਜਗ੍ਹਾ ਜਗ੍ਹਾ ਤੋਂ ਟੁੱਟ ਗਈ ਹੈ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਵਿਕਾਸ ਦੇ ਨਾਂਅ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਗ੍ਹਾ ਟੁੱਟੀ ਹੋਈ ਸੁਨਾਮ ਛਾਹੜ ਸੜਕ ਨੂੰ ਤੁਰੰਤ ਠੀਕ ਕਰਵਾਏ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ।
ਫਾਈਲ 03-- ਸੜਕ ਸੁਨਾਮ