ਅੰਮ੍ਰਿਤਸਰ : ਸੈਂਟਰਲ ਹਲਕੇ ਦੇ ਵਾਰਡ ਨੰਬਰ 55 ਵਾਰਡ ਇੰਚਾਰਜ ਮੰਨੂ ਕੁਮਾਰ ਜੀ ਵਲੋ ਸਥਾਨਕ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਇੱਕ 'ਲੋਕ ਮਿਲਣੀ' ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਡਾ. ਅਜੈ ਗੁਪਤਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਹਲਕਾ ਸਮਰਥਕ ਅਤੇ ਵਾਰਡ ਇੰਚਾਰਜ ਵੀ ਮੌਜੂਦ ਸਨ। ਸਮਾਗਮ ਦੌਰਾਨ ਵਿਧਾਇਕ ਨੇ ਪੰਜਾਬ ਸਰਕਾਰ ਵੱਲੋਂ 'ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਔਰਤਾਂ ਦੇ ਖਾਤਿਆਂ ਵਿੱਚ 3500 ਤੋਂ 4500 ਰੁਪਏ ਤੱਕ ਦੀ ਵਿੱਤੀ ਸਹਾਇਤਾ ਰਾਸ਼ੀ ਆਉਣ 'ਤੇ ਇਲਾਕੇ ਦੀਆਂ ਭੈਣਾਂ ਅਤੇ ਮਾਤਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੀ ਮੁੱਖ ਗਾਰੰਟੀ ਪੂਰੀ ਕਰ ਕੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆਂਦੀ ਹੈ।
ਇਲਾਕਾ ਵਾਸੀਆਂ (ਗਲੀ ਨੱਡਿਆਂ ਵਾਲੀ) ਨੇ ਬਿਜਲੀ ਦੇ ਘੱਟ ਵੋਲਟੇਜ, ਸੀਵਰੇਜ ਅਤੇ ਪੀਣ ਵਾਲੇ ਗੰਦੇ ਪਾਣੀ ਦੀਆਂ ਸਮੱਸਿਆਵਾਂ ਬਾਰੇ ਦੱਸਿਆ। ਇਨ੍ਹਾਂ ਮੁੱਦਿਆਂ 'ਤੇ ਤੁਰੰਤ ਕਾਰਵਾਈ ਕਰਦਿਆਂ ਵਿਧਾਇਕ ਨੇ ਬਿਜਲੀ ਵਿਭਾਗ (PSPCL) ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਨਿਰਦੇਸ਼ ਦਿੱਤੇ। ਉਨ੍ਹਾਂ ਵਾਅਦਾ ਕੀਤਾ ਕਿ ਵੋਲਟੇਜ ਸੁਧਾਰਨ ਲਈ ਨਵਾਂ ਟ੍ਰਾਂਸਫਾਰਮਰ ਲਗਾਇਆ ਜਾਵੇਗਾ ਅਤੇ ਸੀਵਰੇਜ ਦੀ ਡੀ-ਸਿਲਟਿੰਗ ਦਾ ਕੰਮ ਜਲਦ ਸ਼ੁਰੂ ਹੋਵੇਗਾ।
ਵਿਧਾਇਕ ਨੇ ਭਰੋਸਾ ਦਿੱਤਾ ਕਿ ਉਹ 15 ਦਿਨਾਂ ਬਾਅਦ ਮੁੜ ਵਾਰਡ ਦਾ ਦੌਰਾ ਕਰਨਗੇ ਅਤੇ ਇਸ ਤੋਂ ਪਹਿਲਾਂ ਸਾਰੇ ਕੰਮ ਪੂਰੇ ਕੀਤੇ ਜਾਣਗੇ। ਵਿਰੋਧੀਆਂ ਦੇ ਬਿਆਨਾਂ 'ਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਸਿਰਫ਼ ਵਿਕਾਸ ਕਾਰਜਾਂ ਅਤੇ ਲੋਕਾਂ ਦੀ ਸੇਵਾ 'ਤੇ ਹੈ।ਇਸ ਮੌਕੇ ਤੇ ਸ਼ਮੀ ਮੱਟੂ ਨਿਸ਼ੂ ਮੱਟੂ ਵਿਪਨ ਗੁਰਮੀਤ ਸਿੰਘ ਕਾਲੜਾ ਬਲਾਕ ਇੰਚਾਰਜ ਅਤੇ ਹੋਰ ਵੀ ਲੋਕ ਮੌਜੂਦ ਸਨ।