ਮੋਗਾ : ਜ਼ਿਲ੍ਹਾ ਪੁਲਿਸ ਮੋਗਾ ਨੇ 1 ਜੁਲਾਈ ਤੋਂ 31 ਜੁਲਾਈ 2026 ਤੱਕ ਕੀਤੀਆਂ ਕਾਰਵਾਈਆਂ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਨਸ਼ਿਆਂ ਅਤੇ ਅਪਰਾਧ ਵਿਰੁੱਧ ਚਲਾਈ ਮੁਹਿੰਮ ਦੌਰਾਨ 177 ਮੁਕੱਦਮੇ ਦਰਜ ਕਰਕੇ 285 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 4.308 ਕਿਲੋਗ੍ਰਾਮ ਹੈਰੋਇਨ, 60 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 4,325 ਨਸ਼ੀਲੀਆਂ ਗੋਲੀਆਂ, 56,900 ਰੁਪਏ ਡਰੱਗ ਮਨੀ, 405.750 ਲੀਟਰ ਸ਼ਰਾਬ ਠੇਕਾ, 3.750 ਲੀਟਰ ਨਾਜਾਇਜ਼ ਸ਼ਰਾਬ, 25 ਲੀਟਰ ਲਾਹਣ, 5 ਪਿਸਤੌਲ, 4 ਮੈਗਜ਼ੀਨ ਅਤੇ 52 ਜਿੰਦਾ ਰੌਂਦ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਦੱਸਿਆ ਗਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ 16 ਕਾਸੋ ਆਪਰੇਸ਼ਨ ਚਲਾਏ ਗਏ ਅਤੇ "ਡਰੱਗ ਹਾਟ ਸਪਾਟ" ਇਲਾਕਿਆਂ ਵਿੱਚ ਵਿਸ਼ੇਸ਼ ਸਰਚ ਮੁਹਿੰਮ ਦੌਰਾਨ 32 ਕੇਸ ਦਰਜ ਕਰਕੇ 47 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ 4 ਜੁਲਾਈ ਨੂੰ "ਆਪਰੇਸ਼ਨ ਪ੍ਰਹਾਰ-3" ਤਹਿਤ ਵੀ ਵੱਡੀ ਕਾਰਵਾਈ ਕਰਦਿਆਂ ਕਈ ਵੱਡੇ ਸਪਲਾਇਰਾਂ, ਪੀ.ਓਜ਼ ਅਤੇ ਹੋਰ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਨਸ਼ੀਲਾ ਸਮਾਨ, ਹਥਿਆਰ ਅਤੇ ਵਾਹਨ ਜ਼ਬਤ ਕੀਤੇ ਗਏ।
ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ "ਯੁੱਧ ਨਸ਼ਿਆਂ ਵਿਰੁੱਧ" ਅਤੇ "ਪਿੰਡਾਂ ਦੇ ਪਹਿਰੇਦਾਰ" ਮੁਹਿੰਮਾਂ ਤਹਿਤ ਨਸ਼ਾ ਤਸਕਰਾਂ, ਗੈਰਕਾਨੂੰਨੀ ਸ਼ਰਾਬ ਵੇਚਣ ਵਾਲਿਆਂ, ਹਥਿਆਰ ਰੱਖਣ ਵਾਲਿਆਂ ਅਤੇ ਹੋਰ ਅਪਰਾਧੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਜਾਰੀ ਹੈ। ਇਸ ਦੌਰਾਨ ਕਈ ਚੋਰੀ ਅਤੇ ਲੁੱਟ ਦੇ ਮਾਮਲਿਆਂ ਦਾ ਵੀ ਪਰਦਾਫ਼ਾਸ਼ ਕੀਤਾ ਗਿਆ ਅਤੇ ਵੱਡੀ ਮਾਤਰਾ ਵਿੱਚ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ। ਐੱਸ.ਐੱਸ.ਪੀ. ਨੇ ਲੋਕਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੈਮੀਨਾਰਾਂ ਅਤੇ ਜਾਗਰੂਕਤਾ ਮੀਟਿੰਗਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।