ਚੰਡੀਗੜ੍ਹ : ਹਰਿਆਣਾ ਦੀ ਇੱਕ ਨੌਜਵਾਨ ਪੀਐਚਡੀ ਸਕਾਲਰ ਦੀ ਚੰਡੀਗੜ੍ਹ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ। ਉਹ ਪੰਜਾਬ ਯੂਨੀਵਰਸਿਟੀ ਦੇ ਕੁੜੀਆਂ ਦੇ ਹੋਸਟਲ ਤੋਂ ਬਾਹਰ ਨਿਕਲਦੇ ਸਮੇਂ ਡਿੱਗ ਗਈ। ਪੰਜਾਬ ਯੂਨੀਵਰਸਿਟੀ ਦੇ ਸੈਕਟਰ 25 ਸਥਿਤ ਸਾਊਥ ਕੈਂਪਸ ਵਿੱਚ ਮੰਗਲਵਾਰ ਸਵੇਰੇ ਭਾਰੀ ਮੀਂਹ ਦੌਰਾਨ ਕਰੰਟ ਲੱਗਣ ਕਾਰਨ ਇੱਕ ਪੀ.ਐਚ.ਡੀ. ਖੋਜਾਰਥੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਜਯੋਤੀ ਵਜੋਂ ਹੋਈ ਹੈ, ਜੋ ਕਿ ਰੇਵਾੜੀ (ਹਰਿਆਣਾ) ਦੀ ਰਹਿਣ ਵਾਲੀ ਸੀ ਅਤੇ ਪੰਜਾਬ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਤੋਂ ਪੀ.ਐਚ.ਡੀ. ਕਰ ਰਹੀ ਸੀ। ਜਾਣਕਾਰੀ ਮੁਤਾਬਕ, ਜਯੋਤੀ ਕੁੜੀਆਂ ਦੇ ਹੋਸਟਲ ਨੰਬਰ 10 ਤੋਂ ਆਪਣੇ ਵਿਭਾਗ ਵੱਲ ਜਾ ਰਹੀ ਸੀ। ਰਸਤੇ ਵਿੱਚ ਪਾਣੀ ਭਰਿਆ ਹੋਣ ਕਾਰਨ ਉਸ ਨੇ ਇੱਕ ਕੱਚੇ ਰਸਤੇ ਤੋਂ ਜਾਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਹ ਬਿਜਲੀ ਦੇ ਇੱਕ ਜੰਕਸ਼ਨ ਬਾਕਸ ਤੋਂ ਫੈਲੇ ਸੰਭਾਵਿਤ ਕਰੰਟ ਦੀ ਲਪੇਟ ਵਿੱਚ ਆ ਗਈ। ਕਰੰਟ ਲੱਗਦਿਆਂ ਹੀ ਉਹ ਜ਼ਮੀਨ 'ਤੇ ਡਿੱਗ ਪਈ। ਉਸ ਨੂੰ ਤੁਰੰਤ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ 16 ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮ੍ਰਿਤਕਾ ਦੇ ਪਰਿਵਾਰ ਨੂੰ ਦੇ ਦਿੱਤੀ ਗਈ ਹੈ ਅਤੇ ਉਸ ਦੇ ਮਾਤਾ ਤੇ ਭਰਾ ਚੰਡੀਗੜ੍ਹ ਲਈ ਰਵਾਨਾ ਹੋ ਚੁੱਕੇ ਹਨ। ਦੂਜੇ ਪਾਸੇ, ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।