ਕੋਲਕਾਤਾ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਬੇਟੇ ਅਭਿਜੀਤ ਮੁਖਰਜੀ ਨੇ ਤ੍ਰਿਣਮੂਲ ਕਾਂਗਰਸ ਦੀ ਮੈਂਬਰੀ ਹਾਸਲ ਕਰ ਲਈ ਹੈ। ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣ ਸਮੇਂ ਉਨ੍ਹਾਂ ਨਾਲ ਪਾਰਥ ਚੈਟਰਜੀ ਵੀ ਮੌਜੂਦ ਰਹੇ। ਜੰਗੀਪੁਰ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮੁਖਰਜੀ ਕਾਫ਼ੀ ਸਮੇਂ ਤੋਂ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਦੇ ਸੰਪਰਕ ਵਿਚ ਸਨ। ਪਹਿਲਾਂ ਵੀ ਉਨ੍ਹਾਂ ਦੇ ਤ੍ਰਿਣਮੂਲ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਆਈਆਂ ਸਨ ਪਰ ਉਨ੍ਹਾਂ ਇਨ੍ਹਾਂ ਦਾ ਖੰਡਨ ਕੀਤਾ ਸੀ। ਪਿਛਲੇ ਮਹੀਨੇ ਮੁਖਰਜੀ ਨੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਕਿਆਫ਼ੇ ਲਾਏ ਜਾ ਰਹੇ ਸਨ ਕਿ ਉਹ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣਗੇ। ਕਾਂਗਰਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਹਿਲਾਂ ਜਿਤਿਨ ਪ੍ਰਸਾਦ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਹੁਣ ਅਭਿਜੀਤ ਮੁਖਰਜੀ ਨੇ ਤ੍ਰਿਣਮੂਲ ਦਾ ਪੱਲਾ ਫੜ ਲਿਆ। ਉਧਰ, ਅਭਿਜੀਤ ਦੀ ਭੈਣ ਸ਼ਰਮਿਠਾ ਮੁਖਰਜੀ ਵੀ ਕਾਂਗਰਸ ਤੋਂ ਨਾਰਾਜ਼ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਇਕ ਪਾਸੇ ਜਿਹੜੇ ਸੂਬਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਹਨ, ਉਥੇ ਬਗ਼ਾਵਤ ਦੀਆਂ ਸੁਰਾਂ ਤੇਜ਼ ਹੋ ਰਹੀਆਂ ਹਨ ਤੇ ਦੂਜੇ ਪਾਸੇ ਜਿਥੇ ਸਰਕਾਰਾਂ ਨਹੀਂ ਹਨ, ਉਥੋਂ ਦੇ ਕਾਂਗਰਸੀ ਆਗੂ ਹੋਰਨਾਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਛੱਤੀਸਗੜ੍ਹ, ਰਾਜਸਥਾਨ ਅਤੇ ਗੁਜਰਾਤ ਵਿਚ ਕਾਂਗਰਸ ਦੀਆਂ ਸਰਕਾਰਾਂ ਹਨ ਤੇ ਇਨ੍ਹਾਂ ਤਿੰਨਾਂ ਰਾਜਾਂ ਵਿਚ ਮੁੱਖ ਮੰਤਰੀਆਂ ਨੂੰ ਪਾਰਟੀ ਦੇ ਆਗੂਆਂ ਦੀ ਬਗ਼ਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।